Finland

ਫਿਨਲੈਂਡ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਪੰਜਾਬ ਦੌਰਾ, ਸਿਖਲਾਈ ਪ੍ਰੋਗਰਾਮ ‘ਚ 296 ਪ੍ਰਾਇਮਰੀ ਅਧਿਆਪਕਾਂ ਨੇ ਲਿਆ ਹਿੱਸਾ

ਚੰਡੀਗੜ੍ਹ, 21 ਜਨਵਰੀ, 2025: ਪੰਜਾਬ ਦੇ ਸਕੂਲ ਸਿੱਖਿਆ ਅਤੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ‘ਚ ਸਿੱਖਿਆ ਦੇ ਪੱਧਰ ਨੂੰ ਵਿਸ਼ਵਵਿਆਪੀ ਬਣਾਉਣ ਵੱਲ ਇੱਕ ਹੋਰ ਠੋਸ ਕਦਮਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਫਿਨਲੈਂਡ (Finland) ਦੀ ਤੁਰਕੂ ਯੂਨੀਵਰਸਿਟੀ ਦੇ ਮਾਹਰਾਂ ਦੇ ਸਹਿਯੋਗ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਹਨ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਮਾਹਰਾਂ ਨਾਲ ਇੱਕ ਰੋਜ਼ਾ ਸਿਖਲਾਈ ਅਤੇ ਵਿਚਾਰ-ਵਟਾਂਦਰਾ ਪ੍ਰੋਗਰਾਮ ਕਰਵਾਇਆ | ਮੈਗਸੀਪਾ ਵਿਖੇ ਕਰਵਾਏ ਇਸ ਪ੍ਰੋਗਰਾਮ ‘ਚ ਸੂਬੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 296 ਅਧਿਆਪਕਾਂ ਨੇ ਹਿੱਸਾ ਲਿਆ ਹੈ।

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਫਿਨਲੈਂਡ ‘ਚ ਤਿੰਨ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਲਈ ਭੇਜੇ 72 ਅਧਿਆਪਕਾਂ ਦੇ ਪਹਿਲੇ ਬੈਚ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ 273 ਪ੍ਰਾਇਮਰੀ ਅਧਿਆਪਕਾਂ ਅਤੇ 23 ਡੀ.ਈ.ਓ. (ਐਲੀਮੈਂਟਰੀ) ਲਈ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਹੈ |

ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਪ੍ਰਾਇਮਰੀ ਸਕੂਲ ਅਧਿਆਪਨ ਤਕਨੀਕਾਂ ਨਾਲ ਲੈਸ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਟ੍ਰੇਨਰਾਂ ਨੂੰ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਬਣਾਏਗੀ।

ਕੌਮਾਂਤਰੀ (Finland) ਮਾਹਰਾਂ ਦਾ ਸਮੂਹ ਜਿਨ੍ਹਾਂ ‘ਚ ਐਰੀ ਕਿਓਸਕੀ, ਮਿਸ ਮਿਰਜ਼ਾਮੀ ਈਨੋਲਾ ਅਤੇ ਸਾਰੀ ਇਸੋਕਯਟੋ-ਸਿੰਜੋਈ ਸਮੇਤ ਅੰਤਰਰਾਸ਼ਟਰੀ ਮਾਹਿਰਾਂ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਸਿਖਲਾਈ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਟ੍ਰੇਨਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅਜਿਹੀਆਂ ਤਕਨੀਕਾਂ ਅਪਣਾਉਣ ‘ਚ ਸਹਾਇਤਾ ਕਰੇਗਾ ਜੋ ਵਿਦਿਆਰਥੀਆਂ ਲਈ ਸਿੱਖਣ ਪ੍ਰਕਿਰਿਆ ਨੂੰ ਦਿਲਚਸਪ ਅਤੇ ਤਣਾਅ ਮੁਕਤ ਬਣਾਉਣਗੀਆਂ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ‘ਚ ਵੀ ਯੋਗਦਾਨ ਪਾਉਣਗੀਆਂ।

Read More: ਸਿੱਖਿਆ ਖੇਤਰ ‘ਚ ਉਪਰਾਲੇ ਲਈ ਫਿਨਲੈਂਡ ਜਾਣ ਵਾਲੇ ਅਧਿਆਪਕਾਂ ਵੱਲੋਂ CM ਮਾਨ ਦੀ ਸ਼ਲਾਘਾ

Scroll to Top