July 2, 2024 7:43 pm
Maharaja Ranjit Singh

27 ਜੂਨ 1839: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਖ਼ਸ਼ੀਅਤ

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ, ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਸਵੇਰ ਦੇ ਸਮੇਂ ਇਸ ਦੁਨੀ ਸਹਾਵੇ ਬਾਗ ਨੂੰ ਸਦਾ ਲਈ ਛੱਡ ਗਿਆ।ਅਗਲੇ ਦਿਨ 28 ਜੂਨ ਨੂੰ ਚਿਖਾ ਇਕੱਲੇ ਸ਼ੇਰ-ਏ -ਪੰਜਾਬ ਦੀ ਨਹੀਂ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਦੀ ਸੜ੍ਹੀ।

ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੀ ਸਖ਼ਸ਼ੀਅਤ ਬਾਰੇ ਕੁਝ ਲੇਖਕਾਂ ਦੇ ਵੀਚਾਰ

੧.” ਰਣਜੀਤ ਸਿੰਘ ਨੂੰ ਮੁਹੰਮਦ ਅਲੀ, ਅਤੇ ਨਪੋਲੀਅਨ ਨਾਲ ਤੁਲਨਾ ਦਿਤੀ ਗਈ ਹੈ ।ਮਿਸਟਰ ਜੈਕਮੌਂਟ ਨੇ ਤਾਂ ਉਸਨੂੰ ਨਿੱਕੇ ਪੱਧਰ ਤੇ ਬੋਨਾਪਾਰਟ ਆਖਿਆ ਹੈ ।ਉਸ ਵਿਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਇਨ੍ਹਾਂ ਦੋਹਾਂ ਨੇਤਾਵਾਂ ਨਾਲ ਮੇਲ ਖਾਂਦੀਆਂ ਹਨ ।ਪਰ ਉਸ ਦੇ ਸੁਭਾਅ ਅਤੇ ਆਚਰਣ ਨੂੰ ਵੇਖਿਆ ਪਤਾ ਲਗਦਾ ਹੈ ਕਿ ਉਹ ਸ਼ਾਇਦ ਇਨ੍ਹਾਂ ਦੋਹਾਂ ਤੋਂ ਉਤੇ ਸੀ ਅਤੇ ਇਨ੍ਹਾਂ ਦੋਹਾਂ ਤੋਂ ਵੱਧ ਪ੍ਰਭਾਵਸ਼ਾਲੀ ਸੀ ।”(ਟੀ.ਐਚ. ਬੌਰਟਨ)

੨.” ਇਕ ਅਸਾਧਾਰਣ ਸਖ਼ਸ਼ੀਅਤ ਦਾ ਮਾਲਕ ਹੋਣ ਕਰਕੇ, ਉਹ ਆਪਣੇ ਸਮੇਂ ਵਿਚ ਕੁਸਤੁਨਤੁਨੀਆਂ ਤੋਂ ਲੈ ਕਿ ਪੀਕਿੰਗ ਤਕ ਬੇਮਿਸਾਲ ਯੋਗਤਾ ਦੇ ਕਾਰਨ ਪ੍ਰਸਿੱਧ ਸੀ ।”(ਜਾਨ ਮਾਰਸ਼ਮੈਨ)

੩.” ਉਹ ਆਪਣੇ ਰਾਜ ਸਿੰਘਾਸਣ ਤੇ ਬੈਠੇ ਹੋਏ ਬਹੁਤੇ ਬਾਰੋਅਬ ਨਹੀ ਸਨ ਜਾਪਦੇ, ਜਿਨ੍ਹੇ ਘੋੜੇ ਦੀ ਪਿੱਠ ਤੇ ਬੈਠੇ ਹੋਏ ਰ੍ਹੋਬੀਲੇ ਜਵਾਨ ਲਗਦੇ ਸਨ ।”(ਐਮਲੀ ਈਡਨ)

੪.”ਮਹਾਰਾਜੇ ਦੀ ਇਕੋ ਅੱਖ ਹੈ, ਜਿਹੜੀ ਕਾਫ਼ੀ ਵਿਸ਼ਾਲ ਹੈ ।ਲੱਗਦਾ ਹੈ ਉਸ ਵਿਚ ਮਸ਼ਾਲਾਂ ਦੀ ਜੋਤ ਭੜਕ ਰਹੀ ਹੈ । ਉਸ ਵਿਚ ਚਮਕ ਵੀ ਹੈ ਤੇ ਅੱਗ ਵੀ ।ਜਦੋਂ ਉਹ ਖੁਸ਼ ਹੁੰਦੇ ਹਨ ਤਾਂ ਉਹਨ੍ਹਾਂ ਦੀ ਅੱਖ ਮਿਸ਼ਾਲ ਵਾਂਗ ਚਮਕਦੀ ਹੈ, ਜਦੋਂ ਉਹ ਕਿਸੇ ਗਲੋਂ ਗ਼ੁੱਸੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਇਕੋ ਅੱਖ ਸ਼ੋਹਲਾ ਬਣ ਜਾਂਦੀ ਹੈ ।ਮਹਾਰਾਜਾ ਗ਼ੁੱਸੇ ਹਨ ਜਾਂ ਖੁਸ਼ ਇਹ ਉਹਨ੍ਹਾਂ ਦੀ ਅੱਖ ਹੀ ਦਰਸਾ ਦਿੰਦੀ ਹੈ । ਉਨ੍ਹਾਂ ਦਾ ਗੱਲ ਕਰਨ ਦਾ ਢੰਗ ਸਾਦਾ ਪਰ ਦਿਲ ਖਿੱਚਵਾਂ ਹੈ ।ਉਹਨ੍ਹਾਂ ਦੀ ਬੋਲਚਾਲ ‘ਚ ਕਦੇ ਵੀ ਕਾਹਲੀ ਜਾਂ ਘਬਰਾਹਟ ਪਰਤੀਤ ਨਹੀ ਹੁੰਦੀ ।ਉਹ ਬਾਹਰਲੇ ਦੇਸ਼ਾਂ ਤੋਂ ਆਏ ਯਾਤਰੀਆਂ, ਏਲਚੀਆਂ ਤੇ ਸਫ਼ੀਰਾਂ ਨਾਲ ਖ਼ੁਦ ਗੱਲ ਕਰਦੇ ਹਨ ।ਉਹ ਗੱਲ ਦੀ ਤਹਿ ਤੇ ਛੇਤੀ ਪਹੁੰਚ ਜਾਂਦੇ ਹਨ ।” (ਮੈਕਰੈਗਰ)

੫.” ਮੈ ਕਦੀ ਵੀ ਉਹਨ੍ਹਾਂ ਨੂੰ ਜ਼ਰੀ ਵਾਲੇ ਬਸਤਰ ਪਾਇਆਂ ਜਾਂ ਜੇਵਰ ਸਜਾਇਆਂ ਨਹੀ ਵੇਖਿਆ । ਕੋਹੇਨੂਰ ਵਾਲਾ ਬਾਜ਼ੂਬੰਦ ਵੀ ਖ਼ਾਸ ਖ਼ਾਸ ਮੌਕਿਆਂ ‘ਤੇ ਪਾਉਂਦੇ ਸਨ, ਨਹੀਂ ਤਾਂ ਰਣਜੀਤ ਸਿੰਘ ਦੀ ਰਹਿਣੀ ਬਹਿਣੀ ਬਹੁਤ ਕਰਕੇ ਆਮ ਲੋਕਾਂ ਵਰਗੀ ਸੀ ।”(ਹਿਊਗਲ)

੬.” ਰਣਜੀਤ ਸਿੰਘ (Maharaja Ranjit Singh) ਲੋਕਾਂ ਦੇ ਤਸੱਵਰ ਵਿਚ ਅੱਜ ਵੀ ਉਵੇਂ ਹੀ ਜਿਉਂਦੇ ਹਨ ਜਿਵੇਂ ਉਹ ਆਪਣੇ ਪੰਜ ਭੌਤਿਕ ਸਰੀਰ ਵੇਲੇ ਜਿਊਂਦੇ ਸਨ ।ਅਜ ਉਹ ਸਿਰਫ਼ ਉਥੇ ਹੀ ਨਹੀ ਜਿਉਂਦੇ ਜਿੱਥੇ ਅੱਜ ਕੱਲ ਸਿੱਖਾਂ ਦੀ ਵੱਸੋਂ ਹੈ (ਭਾਰਤ) ,ਬਲਕਿ ਉਥੇ ਵੀ, ਜਿਥੇ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਵਸ ਰਹੇ ਸਨ। ਉਹ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਸਖ਼ਸ਼ੀਅਤਾਂ ਸਨ, ਜਿਸ ਨੇ ਦੇਵ ਮਾਲਾਈ ਸਥਾਨ ਗ੍ਰਹਿਣ ਕਰ ਲਿਆ ਸੀ।ਇਸੇ ਲਈ ਪਾਕਿਸਤਾਨ ਬਣਨ ਸਮੇਂ ਜਦੋਂ ਸਿੱਖ ਉਸ ਦੇਸ਼ ਵਿਚੋਂ ਨਿਕਲ ਰਹੇ ਸਨ ਤਾਂ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਪਾਕਿਸਤਾਨ ਤੋਂ ਨਿਕਲਣ ਨਹੀ ਦਿੱਤਾ । ਉਨ੍ਹਾਂ ਦੀ ਹਰਮਨ ਪਿਆਰੀ ਤਸਵੀਰ ਲੋਕਾਂ ਦਿਆਂ ਮਨਾਂ ਚ ਹੁਣ ਵੀ ਅੰਕਿਤ ਹੈ ।ਉਹ ਤਸਵੀਰ ਇਕ ਜੇਤੂ ਨਾਇਕ ਦੀ ਨਹੀ,ਸਗੋਂ ਇਕ ਦਿਆਲੂ ਬਾਪ ਦੀ ਹੈ ।”(ਸੱਯਦ ਵਹੀਦ -ਉਦ -ਦੀਨ)

੭.”ਪਹਿਲੀ ਨਜ਼ਰੇ ਦੇਖਿਆਂ ਦਿਲ ਤੇ ਸੱਟ ਵਜਦੀ ਹੈ ਕਿ ਸਿੱਖਾਂ ਦਾ ਰਾਜਾ ਇਹੋ ਜਿਹਾ ਹੈ? ਪੱਕਾ ਰੰਗ, ਮਾਤਾ ਦੇ ਦਾਗ, ਦਰਮਿਆਨਾ ਕੱਦ, ਇਹੋ ਕਾਣਾ ਜਦੋਂ ਪਿਠ ਪਿਛੇ ਢਾਲ ਬੰਨ੍ਹ ਕੇ ਘੋੜੇ ਦੀ ਕਾਠੀ ਤੇ ਸਵਾਰ ਹੋ ਅੱਡੀ ਲਾਉਂਦਾ ਹੈ ਤਦ ਉਹ ਇਕ ਕ੍ਰਿਸ਼ਮਾ ਬਣ ਜਾਂਦਾ ਹੈ। ਉਸ ਦਾ ਸਰੀਰ ਨਹੀਂ ਦਿਸਦਾ, ਉਸ ਦੀ ਬਲਵਾਨ ਰੂਹ ਦੇ ਦੀਦਾਰ ਹੁੰਦੇ ਹਨ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸ਼ਖਸ ਹੈ ਜਿਹੜਾ ਹੁਣੇ ਦੇਖਿਆ ਸੀ।”(ਔਸਬਰਨ)

੮.”ਖਾਹਮਖਾਹ ਆਪਣੇ ਹੱਥਾਂ ਤੇ ਉਸਨੇ ਖੂਨ ਦੇ ਦਾਗ ਨਹੀਂ ਲੱਗਣ ਦਿਤੇ। ਬਗੈਰ ਜ਼ੁਲਮ ਕੀਤਿਆਂ ਏਨੀ ਵੱਡੀ ਹਕੂਮਤ ਕਾਇਮ ਕਰਨ ਵਿਚ ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ”।(ਬਾਰਕ)

੯.”ਜੇ ਰਣਜੀਤ ਸਿੰਘ ਫ਼ੈਸਲਾ ਕਰ ਲਏ ਕਿ ਕੁਝ ਦਿਨ ਪੰਜਾਬ ਤੋਂ ਬਾਹਰ ਗੁਜਾਰਨੇ ਹਨ ਤਦ ਅਫਗਾਨਿਸਤਾਨ ਜਿੱਤ ਲੈਣਾ ਉਸ ਲਈ ਕੋਈ ਮੁਸ਼ਕਿਲ ਨਹੀਂ।”(ਜੈਕਮੋਂਟ)

੧੦. ”ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ। ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪਹੁਦਰੇ ਜਾਂਗਲੀ ਲੋਕਾਂ ਨੂੰ ਸੁਧਾਰਨ ਵਿਚ ਕਾਮਯਾਬ ਹੋਇਆ”। ਜਰਨੈਲ ਅਵਿਤਬਿਲੇ ਨੇ ਪੇਸ਼ਾਵਰ ਵਿਚ ਮਹਾਰਾਜੇ ਦੀ ਆਗਿਆ ਬਗੈਰ ਕੁੱਝ ਡਾਕੂਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਮਹਾਰਾਜ ਨੇ ਉਸ ਦੀ ਜਵਾਬਤਲਬੀ ਕਰਕੇ ਆਪਣੀ ਨਾਰਾਜ਼ਗੀ ਪ੍ਰਗਟਾਈ। ਮਹਾਰਾਜੇ ਨੇ ਕਿਹਾ, ”ਤੂੰ ਉਨ੍ਹਾਂ ਨੂੰ ਬੰਦੀ ਬਣਾ ਲੈਂਦਾ। ਡਰਾ ਡਰੂ ਕੇ ਫਿਰ ਭਜਾ ਦਿੰਦਾ, ਇਹੀ ਕਾਫੀ ਸੀ”। (ਐਚ,ਈ,ਫੇਨ)

੧੧.”ਕਿ ਏਸ਼ੀਅਨ ਰਾਜਿਆਂ ਵਿਚੋਂ ਉਹ ਇਸ ਗੱਲੋਂ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਅਤੇ ਆਪਣੀ ਸਮਰੱਥਾ ਦੋਹਾਂ ਦਾ ਸਹੀ ਗਿਆਨ ਸੀ। ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਲੈਂਦਾ ਸੀ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਮੇਰੀ ਹੋਵੇਗੀ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ। ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਹੰਕਾਰਿਆ ਨਹੀਂ। ਉਹ ਲਗਾਤਾਰ ਚੇਤੰਨ ਰਹਿੰਦਾ ਸੀ ਕਿ ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ ਅਵੱਗਿਆ ਨਾ ਹੋ ਜਾਵੇ ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ। ਉਹ ਆਪਣੀ ਮਰਜ਼ੀ ਨਹੀਂ ਠੋਸਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਲਸਾ ਕੇਵਲ ਗੁਰੂ ਦੀ ਤਾਬਿਆਦਾਰੀ ਕਬੂਲਦਾ ਹੈ ਹੋਰ ਕਿਸੇ ਦੀ ਨਹੀਂ। ਕਦੀ ਕਦਾਈਂ ਸਿੱਖ ਉਸ ਨੂੰ ਜ਼ਰੂਰ ਬੁਰਾ ਭਲਾ ਬੋਲ ਲੈਂਦੇ ਸਨ ਪਰ ਉਹ ਬਰਦਾਸ਼ਤ ਕਰਦਾ ਸੀ। ਆਪਣੇ ਉਪਰ ਹੋਏ ਹਥਿਆਰਬੰਦ ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ।”(ਚਾਰਲਸ ਗਫ਼)

‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।’’(ਸ਼ਾਹ ਮੁਹੰਮਦ)