ਬਰਨਾਲਾ , 26 ਜੁਲਾਈ 2025: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ‘ਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ 26 ਸਾਲਾ ਬੇਅੰਤ ਸਿੰਘ ਵਜੋਂ ਹੋਈ ਹੈ, ਜੋ ਕਿ ਇੱਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ। ਪਰਿਵਾਰ ਮੁਤਾਬਕ ਉਹ ਲੰਬੇ ਸਮੇਂ ਤੋਂ ਚਿੱਟਾ (ਹੈਰੋਇਨ) ਦਾ ਟੀਕਾ ਲਗਾ ਰਿਹਾ ਸੀ। ਕੱਲ੍ਹ ਰਾਤ ਉਹ ਨਸ਼ੇ ਦੀ ਓਵਰਡੋਜ਼ ਲੈਣ ਤੋਂ ਬਾਅਦ ਬੇਹੋਸ਼ ਹੋ ਗਿਆ ਅਤੇ ਸਵੇਰ ਤੱਕ ਉਸਦੀ ਮੌਤ ਹੋ ਗਈ |
ਬੇਅੰਤ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਈ ਵਾਰ ਨਸ਼ੇ ਛੱਡਣ ਲਈ ਸਮਝਾਇਆ ਸੀ, ਪਰ ਉਹ ਇਸ ਦੀ ਬਜਾਏ ਲੜਦਾ ਰਹਿੰਦਾ ਸੀ। ਨਸ਼ੇ ਦੀ ਲਤ ਇੰਨੀ ਵੱਧ ਗਈ ਸੀ ਕਿ ਉਸਨੇ ਘਰ ‘ਚ ਚੋਰੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ੁੱਕਰਵਾਰ ਰਾਤ ਨੂੰ ਉਹ ਚਿੱਟਾ ਲੈ ਕੇ ਘਰ ਆਇਆ, ਖਾਣਾ ਖਾਧਾ ਅਤੇ ਸੌਂ ਗਿਆ, ਪਰ ਜ਼ਿਆਦਾ ਨਸ਼ਾ ਕਰਨ ਕਾਰਨ ਉਸਦੀ ਮੌਤ ਹੋ ਗਈ।
ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚਿੱਟਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਆਪਣੇ ਪੱਧਰ ‘ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਥਾਣਿਆਂ ‘ਚ ਸਟਾਫ਼ ਦੀ ਘਾਟ ਕਾਰਨ ਨਸ਼ਾ ਤਸਕਰ ਖੁੱਲ੍ਹੇਆਮ ਨੌਜਵਾਨਾਂ ਨੂੰ ਫਸਾ ਰਹੇ ਹਨ। ਸਰਪੰਚ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
Read More: ਪੰਜਾਬ ਪੁਲਿਸ ਦੀ ਸੂਬੇ ਭਰ ‘ਚ 362 ਥਾਵਾਂ ‘ਤੇ ਛਾਪੇਮਾਰੀ, 72 FIR ਦਰਜ