ਰਾਜਸਥਾਨ, 22 ਅਗਸਤ 2025: ਰਾਜਸਥਾਨ ‘ਚ ਮਾਨਸੂਨ ਫਿਰ ਸਰਗਰਮ ਹੋਣ ਕਾਰਨ ਕਈਂ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਸ਼ੁੱਕਰਵਾਰ ਨੂੰ ਰਾਜਸਥਾਨ ਦੇ 4 ਜ਼ਿਲ੍ਹਿਆਂ ਉਦੈਪੁਰ, ਡੂੰਗਰਪੁਰ, ਬਾਂਸਵਾੜਾ ਅਤੇ ਪ੍ਰਤਾਪਗੜ੍ਹ ‘ਚ ਇੱਕ ਔਰੇਂਜ ਅਲਰਟ ਜਾਰੀ ਕੀਤਾ ਹੈ। ਸਵਾਈ ਮਾਧੋਪੁਰ ‘ਚ ਹੜ੍ਹ ਵਰਗੀ ਸਥਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੱਲੀ ਪਾਰ ਖੇਤਰ ‘ਚ ਲਗਭਗ 250 ਘਰ ਪਾਣੀ ‘ਚ ਡੁੱਬ ਗਏ।
ਸਵਾਈ ਮਾਧੋਪੁਰ ਰੇਲਵੇ ਸਟੇਸ਼ਨ ‘ਤੇ ਪਾਣੀ ਭਰਨ ਕਾਰਨ ਪਟੜੀਆਂ ਡੁੱਬ ਗਈਆਂ। ਇਸ ਦੇ ਨਾਲ ਹੀ ਸਵਾਈ ਮਾਧੋਪੁਰ ਦੇ ਕੁਸ਼ਾਲੀਦਰਰਾ ਵਿਖੇ ਸਥਿਤ ਰਾਸ਼ਟਰੀ ਰਾਜਮਾਰਗ-552 ‘ਤੇ ਤੇਜ਼ ਕਰੰਟ ‘ਚ ਇੱਕ ਕਾਰ ਵਹਿ ਗਈ। ਕਾਰ ‘ਚ ਸਵਾਰ ਤਿੰਨ ਜਣੇ ਵੀ ਵਹਿ ਗਏ। ਇਨ੍ਹਾਂ ‘ਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਹੈ।
ਦੂਜੇ ਪਾਸੇ, ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ‘ਚ ਮੀਂਹ ਤੋਂ ਬਾਅਦ, ਮਾਧਵਪੁਰ ਘੇਡ ਖੇਤਰ ‘ਚ ਪਾਣੀ ਭਰ ਗਿਆ। ਇੱਕ ਦੁੱਧ ਦਾ ਟੈਂਕਰ ਵਹਿ ਗਿਆ। ਇਸ ‘ਚ ਫਸੇ 13 ਜਣਿਆਂ ਨੂੰ ਐਨਡੀਆਰਐਫ ਟੀਮ ਨੇ ਬਚਾਇਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਪੁੰਛ ਦੇ ਮੰਡੀ ਸੈਕਟਰ ‘ਚ ਜ਼ਮੀਨ ਖਿਸਕਣ ਕਾਰਨ ਇੱਕ ਸਕੂਲ ਦਾ ਇੱਕ ਹਿੱਸਾ ਢਹਿ ਗਿਆ।
ਮੌਸਮ ਵਿਭਾਗ (ਆਈਐਮਡੀ) ਨੇ 23 ਤੋਂ 26 ਅਗਸਤ ਤੱਕ ਹਿਮਾਚਲ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਸਮੇਤ ਕੁੱਲ 347 ਸੜਕਾਂ ਅਜੇ ਵੀ ਬੰਦ ਹਨ। ਇਸ ਤੋਂ ਇਲਾਵਾ, 281 ਟ੍ਰਾਂਸਫਾਰਮਰ ਅਤੇ 145 ਜਲ ਸਪਲਾਈ ਯੋਜਨਾਵਾਂ ਵੀ ਵਿਘਨ ਪਈਆਂ ਹਨ।
ਹੁਣ ਤੱਕ ਹਿਮਾਚਲ ਪ੍ਰਦੇਸ਼ ‘ਚ 2282 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ, 149 ਜਣਿਆਂ ਦੀ ਮੌਤ ਹੋ ਗਈ ਹੈ ਜਦੋਂ ਕਿ 38 ਲਾਪਤਾ ਹਨ। ਸੂਬੇ ‘ਚ ਆਮ ਨਾਲੋਂ 17 ਫੀਸਦੀ ਵੱਧ ਮੀਂਹ ਪਿਆ ਹੈ।
Read More: ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟੇ




