ITI

ਪੰਜਾਬ ਭਰ ਦੀਆਂ ਆਈ.ਟੀ.ਆਈ ਵਿਖੇ ਦਾਖਲਿਆਂ ‘ਚ 25 ਫੀਸਦੀ ਹੋਇਆ ਵਾਧਾ

ਚੰਡੀਗੜ੍ਹ, 1 ਅਕਤੂਬਰ 2024: ਪੰਜਾਬ ਭਰ ਦੀਆਂ ਆਈ.ਟੀ.ਆਈ (ITI) ‘ਚ ਦਾਖਲਿਆਂ ‘ਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਇਸਦੇ ਨਾਲ ਪੰਜਾਬ ਦੀਆਂ ਕਿੱਤਾਮੁਖੀ ਸਿਖਲਾਈ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ|

ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਿੱਦਿਅਕ ਸਾਲ ਦੌਰਾਨ ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ITI) ‘ਚ ਦਾਖਲਿਆਂ ਵਿੱਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਦਾਖਲਿਆਂ ਦੀ ਗਿਣਤੀ ਇਹ ਗਿਣਤੀ ਪਿਛਲੇ ਸਾਲ 28,000 ਤੋਂ ਵੱਧ ਕੇ ਹੁਣ 35,000 ਹੋ ਗਈ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਬੇਰੁਜ਼ਗਾਰੀ ਅਤੇ ਪਰਵਾਸ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਮਿਸ਼ਨ ਤਹਿਤ ਇਸ ਦਿਸ਼ਾ ‘ਚ ਕੰਮ ਕਰ ਰਹੇ ਹਾਂ, ਜਿਸ ਲਈ ਅਸੀਂ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਆਈ.ਟੀ.ਆਈ. (ITI) ਦੀਆਂ ਸੀਟਾਂ ਦੀ ਗਿਣਤੀ ਵਧਾਈਆਂ ਹਨ ਅਤੇ ਅਗਲੇ ਅਕਾਦਮਿਕ ਸੈਸ਼ਨ ਦੌਰਾਨ ਸੀਟਾਂ ਦੀ ਗਿਣਤੀ ਵਧਾ ਕੇ 50,000 ਕਰ ਦਿੱਤੀ ਜਾਵੇਗੀ।

ਬੈਂਸ ਨੇ ਕਿਹਾ ਕਿ ਆਈ.ਟੀ.ਆਈ. ‘ਚ ਦਾਖਲਿਆਂ ਵਿੱਚ ਇਹ ਸ਼ਾਨਦਾਰ ਵਾਧਾ ਸਾਡੇ ਨੌਜਵਾਨਾਂ ‘ਚ ਹੁਨਰ ਅਧਾਰਤ ਸਿੱਖਿਆ ਦੀ ਵੱਧ ਰਹੀ ਮਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਹੀ ਨਹੀਂ ਰੁਕਾਂਗੇ ਕਿਉਂਕਿ ਸਾਡਾ ਟੀਚਾ ਅਗਲੇ ਦੋ ਸਾਲਾਂ ‘ਚ 50,000 ਦਾਖ਼ਲਿਆਂ ਦਾ ਅੰਕੜਾ ਹਾਸਲ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਈਟੀਆਈ ਗ੍ਰੈਜੂਏਟਾਂ ਲਈ ਵੱਧ ਤੋਂ ਵੱਧ ਪਲੇਸਮੈਂਟ (ਰੁਜ਼ਗਾਰ ਦੇ ਮੌਕੇ) ਯਕੀਨੀ ਬਣਾਉਣ ਲਈ ਵੀ ਵਚਨਬੱਧ ਹਾਂ।

ਸਿੱਖਿਆ ਮੰਤਰੀ ਨੇ ਕਿਹਾ ਕਿ ਅਕਾਦਮਿਕ ਸੈਸ਼ਨ 2023 ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਆਈ.ਟੀ.ਆਈਜ਼ ਦੀਆਂ 28,000 ਸੀਟਾਂ ‘ਚੋਂ ਬਹੁਤ ਸਾਰੀਆਂ ਖਾਲੀ ਰਹਿ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਅਕਾਦਮਿਕ ਸੈਸ਼ਨ 2023 ਦੌਰਾਨ ਆਈ.ਟੀ.ਆਈਜ਼ ਵਿੱਚ 100 ਫੀਸਦੀ ਦਾਖਲੇ ਯਕੀਨੀ ਬਣਾਉਣ ਦਾ ਟੀਚਾ ਮਿੱਥਿਆ ਸੀ, ਜਿਸ ਲਈ ਕਈ ਕਦਮ ਚੁੱਕੇ ਗਏ ਸਨ ਅਤੇ ਨਤੀਜੇ ਵਜੋਂ ਸਾਨੂੰ ਇਸ ਵਿੱਦਿਅਕ ਸੈਸ਼ਨ ਦੌਰਾਨ 7000 ਸੀਟਾਂ ਵਧਾਉਣੀਆਂ ਪਈਆਂ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਕਾਦਮਿਕ ਸਾਲ 2024-25 ਲਈ 137 ਸਰਕਾਰੀ ਆਈ.ਟੀ.ਆਈਜ਼ ‘ਚ ਸੀਟਾਂ ਦੀ ਗਿਣਤੀ 28,880 ਤੋਂ ਵਧਾ ਕੇ 35,000 ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈਜ਼ ਹੁਣ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਸਮੇਤ 86 ਟਰੇਡਾਂ ਦੀ ਪੇਸ਼ਕਸ਼ ਕਰ ਰਹੇ ਹਨ, ਵੱਖ-ਵੱਖ ਕਰੀਅਰ ਵਿਕਲਪ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਐਡੀਟਿਵ ਮੈਨੂਫੈਕਚਰਿੰਗ (3ਡੀ ਪ੍ਰਿੰਟਿੰਗ), ਇਲੈਕਟ੍ਰਿਕ ਵਹੀਕਲ ਮਕੈਨਿਕਸ, ਇੰਡਸਟਰੀਅਲ ਰੋਬੋਟਿਕਸ, ਡਿਜੀਟਲ ਮੈਨੂਫੈਕਚਰਿੰਗ ਅਤੇ ਡਰੋਨ ਟੈਕਨਾਲੋਜੀ ਵਰਗੇ ਅਤਿ ਆਧੁਨਿਕ ਕੋਰਸ ਵੀ ਉਪਲਬੱਧ ਕਰਵਾਏ ਹਨ।

ਸਿੱਖਿਆ ਮੰਤਰੀ ਨੇ ਆਈ.ਟੀ.ਆਈ. ‘ਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਸੰਬੰਧੀ ਕਿਹਾ ਕਿ ਬੀਬੀਆਂ ਲਈ ਸਾਰੇ ਟਰੇਡਾਂ ‘ਚ 33 ਫੀਸਦੀ ਰਾਖਵਾਂਕਰਨ ਲਾਗੂ ਕੀਤਾ ਗਿਆ ਹੈ, ਜਿਸ ਨਾਲ ਕਿੱਤਾਮੁਖੀ ਸਿੱਖਿਆ ਦੇ ਖੇਤਰ ‘ਚ ਬੀਬੀਆਂ ਦੀ ਭਾਗੀਦਾਰੀ ‘ਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਆਈਟੀਆਈ ‘ਚ ਆਈਟੀਸੀ ਲਿਮਟਿਡ ਅਤੇ ਸਵਰਾਜ ਇੰਜਨ ਲਿਮਟਿਡ ਵਰਗੀਆਂ ਪ੍ਰਮੁੱਖ ਕੰਪਨੀਆਂ ਦੀ ਭਾਈਵਾਲੀ ‘ਚ ਕਈ ਪਾਇਲਟ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਵਿੱਚ ਇਲੈਕਟ੍ਰੀਸ਼ੀਅਨ ਅਤੇ ਮਕੈਨਿਕ ਡੀਜ਼ਲ ਇੰਜਣ ਵਰਗੇ ਇੰਜੀਨੀਅਰਿੰਗ ਕੋਰਸ ਸ਼ਾਮਲ ਹਨ।

ਹਰਜੋਤ ਸਿੰਘ ਬੈਂਸ ਨੇ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਅਗਲੇ ਦੋ ਸਾਲਾਂ ਦੌਰਾਨ ਮਹਿਲਾ ਆਈ.ਟੀ.ਆਈਜ਼ ਦੀ ਬੈਠਣ ਦੀ ਸਮਰੱਥਾ 50,000 ਤੱਕ ਵਧਾਉਣ ਅਤੇ ਹੋਰ ਇੰਜੀਨੀਅਰਿੰਗ ਕੋਰਸ ਸ਼ੁਰੂ ਕਰਨ ਦਾ ਹੈ। ਉਨ੍ਹਾਂ ਅੱਗੇ ਕਿਹਾ, “ਅਸੀਂ ਆਪਣੇ ਸੂਬੇ ‘ਚ ਹੁਨਰ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਵਚਨਬੱਧ ਹਾਂ।”

Scroll to Top