ਚੰਡੀਗੜ੍ਹ 11 ਸਤੰਬਰ 2025 : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੜ੍ਹਾਂ ਕਾਰਨ ਸੂਬੇ ਵਿੱਚ 88 ਹੋਰ ਪਿੰਡ, 374 ਵਿਅਕਤੀ ਅਤੇ 55 ਹੈਕਟੇਅਰ ਕਾਸ਼ਤਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2185 ਹੋ ਗਈ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 3,88,466 ਹੋ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਫਿਰੋਜ਼ਪੁਰ (ferozpur) ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨਾਲ 15 ਜ਼ਿਲ੍ਹਿਆਂ ਵਿੱਚ ਕੁੱਲ ਮੌਤਾਂ ਦੀ ਗਿਣਤੀ 53 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਅਜੇ ਵੀ ਤਿੰਨ ਵਿਅਕਤੀ ਲਾਪਤਾ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਸਮੇਂ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 91 ਹੋਰ ਲੋਕਾਂ ਨੂੰ ਕੱਢਿਆ ਗਿਆ ਹੈ, ਜਿਸ ਨਾਲ ਹੁਣ ਤੱਕ ਬਚਾਏ ਗਏ ਲੋਕਾਂ ਦੀ ਗਿਣਤੀ 23,297 ਹੋ ਗਈ ਹੈ। ਇਸ ਸਮੇਂ ਸੂਬੇ ਭਰ ਵਿੱਚ 115 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 4533 ਲੋਕ ਰਹਿ ਰਹੇ ਹਨ।
ਫ਼ਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਦੱਸਿਆ ਕਿ 18 ਜ਼ਿਲ੍ਹਿਆਂ ਵਿੱਚ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਕੁੱਲ ਰਕਬਾ 1,91,981.45 ਹੈਕਟੇਅਰ ਹੋ ਗਿਆ ਹੈ। ਮਾਲ ਮੰਤਰੀ ਨੇ ਦੱਸਿਆ ਕਿ 10 ਸਤੰਬਰ ਤੱਕ 22 ਜ਼ਿਲ੍ਹਿਆਂ ਦੇ 2185 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਪ੍ਰਭਾਵਿਤ ਆਬਾਦੀ ਦੀ ਗਿਣਤੀ 3,88,466 ਹੋ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਨਡੀਆਰਐਫ ਦੀਆਂ 14 ਟੀਮਾਂ, ਐਸਡੀਆਰਐਫ ਦੀਆਂ 2 ਟੀਮਾਂ, ਫੌਜ ਦੀਆਂ 18 ਟੁਕੜੀਆਂ ਅਤੇ 1 ਇੰਜੀਨੀਅਰ ਟਾਸਕ ਫੋਰਸ ਤਾਇਨਾਤ ਹੈ। ਭਾਰਤੀ ਹਵਾਈ ਸੈਨਾ ਅਤੇ ਫੌਜ ਦੇ ਲਗਭਗ 30 ਹੈਲੀਕਾਪਟਰ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ। ਇਸ ਤੋਂ ਇਲਾਵਾ, 182 ਕਿਸ਼ਤੀਆਂ ਚੱਲ ਰਹੇ ਰਾਹਤ ਕਾਰਜਾਂ ਵਿੱਚ ਸ਼ਾਮਲ ਹਨ।
Read More: ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ 23,206 ਵਿਅਕਤੀਆਂ ਨੂੰ ਕੱਢਿਆ ਗਿਆ: ਹਰਦੀਪ ਸਿੰਘ ਮੁੰਡੀਆਂ