July 7, 2024 2:19 pm
Sandeep kumar

ਮਾਪਿਆਂ ਦੇ ਇਕਲੌਤੇ 23 ਸਾਲਾ ਕਾਂਸਟੇਬਲ ਸੰਦੀਪ ਕੁਮਾਰ ਦਾ ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਗੁਰਦਾਸਪੁਰ, 23 ਫ਼ਰਵਰੀ 2023: ਭਾਰਤੀ ਫੌਜ ਦੀ ਤੀਜੀ ਪੰਜਾਬ ਰੈਜੀਮੈਂਟ ਦਾ 23 ਸਾਲਾ ਸਿਪਾਹੀ ਸੰਦੀਪ ਕੁਮਾਰ (Sandeep kumar)ਜੋ ਕਿ 12 ਦਿਨ ਪਹਿਲਾਂ ਛੁੱਟੀ ‘ਤੇ ਘਰ ਆਇਆ ਸੀ ਅਤੇ ਆਪਣੇ ਦੋ ਦੋਸਤਾਂ ਨਾਲ ਮੁਕੇਰੀਆਂ ਨੇੜੇ ਕਿਸੇ ਪਿੰਡ ਆਪਣੇ ਇਕ ਸਾਥੀ ਦੀ ਭੈਣ ਦੇ ਵਿਆਹ ਲਈ ਗਿਆ ਸੀ, ਪਰ ਵਿਆਹ ਤੋਂ ਪਰਤਦੇ ਸਮੇਂ ਉਨ੍ਹਾਂ ਦੀ ਕਾਰ ਇਕ ਹੋਰ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਕਾਂਸਟੇਬਲ ਸੰਦੀਪ ਕੁਮਾਰ ਦੀ ਮੌਤ ਹੋ ਗਈ ਅਤੇ ਉਸ ਦੇ ਦੋ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ।

ਅੱਜ ਉਨ੍ਹਾਂ ਦੇ ਜੱਦੀ ਪਿੰਡ ਡਾਲੀਆ ਵਿਖੇ ਪੂਰੇ ਫ਼ੌਜੀ ਸਨਮਾਨਾਂ ਨਾਲ ਸ਼ਹੀਦ ਕਾਂਸਟੇਬਲ ਦਾ ਸੰਸਕਾਰ ਕਰ ਦਿੱਤਾ ਗਿਆ। ਸੂਬੇਦਾਰ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਤਿੱਬੜੀ ਛਾਉਣੀ ਤੋਂ 19 ਸਿੱਖ ਯੂਨਿਟ ਦੇ ਜਵਾਨਾਂ ਨੇ ਬਿਗਲ ਦੀ ਗੂੰਜ ਨਾਲ ਹਵਾ ਵਿੱਚ ਗੋਲੀਆਂ ਚਲਾ ਕੇ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਜਦੋਂ ਤਿਰੰਗੇ ਵਿੱਚ ਲਪੇਟੀ ਹੋਈ ਮ੍ਰਿਤਕ ਫੌਜੀ ਦੀ ਮ੍ਰਿਤਕ ਦੇਹ ਫੌਜੀ ਗੱਡੀ ਵਿੱਚ ਪਿੰਡ ਪੁੱਜੀ ਤਾਂ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ।

ਜਦੋਂ ਮਾਤਾ ਜਸਬੀਰ ਦੇਵੀ ਨੇ ਆਪਣੇ ਇਕਲੌਤੇ ਪੁੱਤਰ (Sandeep kumar) ਦੇ ਸਿਰ ‘ਤੇ ਸੇਹਰਾ ਬੰਨਿਆ ਅਤੇ ਤਿੰਨ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਤਾਂ ਉਸ ਸਮੇਂ ਮਾਹੌਲ ਬਹੁਤ ਹੀ ਉਦਾਸ ਹੋ ਗਿਆ। ਸੈਨਿਕ ਸੰਦੀਪ ਦੇ ਪਿਤਾ ਸ਼ਾਮ ਲਾਲ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤਾ। ਦੱਸ ਦੇਈਏ ਕਿ ਐਕਸੀਡੈਂਟ ਤੋਂ ਕੁੱਝ ਸਮਾਂ ਪਹਿਲਾਂ ਦੀ‌ ਸ਼ਹੀਦ ਸੰਦੀਪ ਵੱਲੋਂ ਕਾਰ ਵਿਚ ਬੈਠ ਕੇ ਬਣਾਈ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਉਹ ਹੱਸਦਾ ਦਿਖਾਈ ਦੇ ਰਿਹਾ ਹੈ।ਮਰਹੂਮ ਸਿਪਾਹੀ ਸੰਦੀਪ ਦੇ ਪਿਤਾ ਸ਼ਾਮ ਲਾਲ ਜੋ ਕਿ ਦੀਨਾਨਗਰ ਥਾਣੇ ਵਿੱਚ ਹੋਮਗਾਰਡ ਵਜੋਂ ਤਾਇਨਾਤ ਹਨ।

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਸੂਬੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਬਹੁਤ ਹੀ ਬਹਾਦਰ ਸੈਨਿਕ ਸੀ, ਸੰਦੀਪ 16 ਜੂਨ 2020 ਨੂੰ ਗਲਵਾਨ ਵੈਲੀ ਵਿੱਚ ਚੀਨੀ ਸੈਨਿਕਾਂ ਨਾਲ ਹੋਏ ਮੁਕਾਬਲੇ ਵਿੱਚ ਵੀ ਸ਼ਾਮਲ ਸੀ ਅਤੇ ਚੀਨੀ ਸੈਨਿਕਾਂ ਨਾਲ ਲੜਦਿਆਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਕੁਝ ਸਮੇਂ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਉਸ ਨੇ ਇਹ ਸਭ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸਿਆ ਤਾਂ ਜੋ ਉਸ ਦੇ ਮਾਤਾ-ਪਿਤਾ ਘਬਰਾ ਨਾ ਜਾਣ ਪਰ ਅੱਜ ਇਕਲੌਤੇ ਦੇ ਜਾਣ ਨਾਲ ਇਸ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਕੁੰਵਰ ਵਿੱਕੀ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜੀ ਹੈ।