ਚੰਡੀਗੜ੍ਹ, 27 ਮਈ 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜਿੱਥੇ ਪਹਿਲੇ ਤਿੰਨ ਸਥਾਨ ਕੁੜੀਆਂ ਬਾਜੀ ਮਾਰੀ, ਉੱਥੇ ਹੀ ਨਤੀਜਿਆਂ ’ਚ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋ ਗਏ ਹਨ। ਇਸ ਤੋਂ ਪਹਿਲਾਂ ਇਸੇ ਅਕਾਦਮਿਕ ਵਰ੍ਹੇ ਦੀ ਬਾਰ੍ਹਵੀਂ ਜਮਾਤ ’ਚ ਵੀ 1755 ਤੇ ਅੱਠਵੀਂ ਜਮਾਤ ’ਚ 663 ਵਿਦਿਆਰਥੀ ਫੇਲ੍ਹ ਹੋਣ ਬਾਰੇ ਵੱਡੀ ਪੜਚੋਲ ਦੀ ਮੰਗ ਕੀਤੀ ਗਈ ਸੀ। ਪੰਜਾਬ ਸਰਕਾਰ ਅਤੇ ਹੋਰਨਾਂ ਦੁਆਰਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਜਿੱਥੇ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਵਿੱਚ ਪੰਜਾਬੀ ਵਿਸ਼ੇ ਵਿਚੋਂ 2265 ਵਿਦਿਆਰਥੀਆਂ ਦਾ ਫੇਲ੍ਹ ਹੋਣ ਬੜਾ ਚਿੰਤਾ ਦਾ ਵਿਸ਼ਾ ਹੈ।
ਇਸਦੇ ਨਾਲ ਹੀ ਪੰਜਾਬੀ ਵਿਸ਼ਾ ਸਾਰੇ ਲਾਜ਼ਮੀ ਵਿਸ਼ਿਆਂ ’ਚੋਂ ਇਕਲੌਤਾ ਵਿਸ਼ਾ ਹੈ ਜਿਸ ਦਾ ਨਤੀਜਾ ਸਭ ਤੋਂ ਘੱਟ ਰਿਹਾ ਹੈ । ਅੰਕੜਿਆਂ ਮੁਤਾਬਕ ਅੰਗਰੇਜ਼ੀ ਵਿਸ਼ੇ ਦਾ ਨਤੀਜਾ ਵੀ ਪੰਜਾਬੀ ਨਾਲੋਂ .3 ਜਦੋਂ ਕਿ ਹਿੰਦੀ .43 ਫ਼ੀਸਦੀ ਵੱਧ ਰਿਹਾ । ਅਕਾਦਮਿਕ ਵਰ੍ਹੇ 2022-23 ਵਿਚ 2 ਲੱਖ 81 ਹਜ਼ਾਰ 267 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਦਾ ਪੇਪਰ ਦਿੱਤਾ ਜਿਨ੍ਹਾਂ ਵਿਚੋਂ 2 ਲੱਖ 79 ਹਜ਼ਾਰ 2 ਪਾਸ ਹੋਏ । ਇਸ ਵਿਸ਼ੇ ਦਾ ਨਤੀਜਾ 99.19 ਫ਼ੀਸਦੀ ਰਿਹਾ ਜੋ ਕਿ ਬਾਕੀ ਲਾਜ਼ਮੀ ਸਾਰੇ ਵਿਸ਼ਿਆਂ ਨਾਲੋਂ ਘੱਟ ਹੈ।
ਇਸਦੇ ਨਾਲ ਹੀ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਸਾਇੰਸ, ਗਣਿਤ, ਸਮਾਜਿਕ ਵਿਗਿਆਨ, ਸੰਸਕ੍ਰਿਤ, ਉਰਦੂ ਇਲੈਕਟਿਵ, ਕੰਪਿਊਟਰ ਸਾਇੰਸ ਵਿਸ਼ਿਆਂ ਦਾ ਨਤੀਜਾ ਪੰਜਾਬੀ ਵਿਸ਼ੇ ਤੋਂ ਵੱਧ ਹੈ। ਸਾਲ 2022 ਲਈ ਹੋਈਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਕੁੱਲ 93 ਵਿਸ਼ਿਆਂ ਦੀ ਪ੍ਰੀਖਿਆ ਲਈ ਗਈ ਸੀ ਜਿਨ੍ਹਾਂ ਵਿਚੋਂ ਸੰਗੀਤ ਗਾਇਨ, ਵਾਦਨ ਤੇ ਕੰਪਿਊਟਰ ਸਾਇੰਸ ਦਾ ਨਤੀਜਾ ਹੀ 100 ਫ਼ੀਸਦੀ ਰਿਹਾ ਸੀ ।
ਪੰਜਾਬੀ ਭਾਸ਼ਾ ਲਈ ਇੰਨ੍ਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋ ਗਏ ਹਨ। ਦੱਸ ਦੇਈਏ ਕਿ ਇਸੇ ਅਕਾਦਮਿਕ ਵਰ੍ਹੇ ਦੀ ਬਾਰ੍ਹਵੀਂ ਜਮਾਤ ’ਚ ਵੀ 1755 ਤੇ ਅੱਠਵੀਂ ਜਮਾਤ ’ਚ 663 ਵਿਦਿਆਰਥੀ ਫੇਲ੍ਹ ਹੋਣ ਬਾਰੇ ਵੱਡੀ ਪੜਚੋਲ ਦੀ ਮੰਗ ਹੋ ਰਹੀ ਸੀ।
ਦੂਜੇ ਪਾਸੇ ਬੀਤੇ ਦਿਨ ਪੰਜਾਬ ਸਰਕਾਰ ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੀ ਪਾਸ ਫੀਸਦ 98.46 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਫੀਸਦ 96.73 ਰਹੀ ਹੈ। ਸ਼ਹਿਰੀ ਖੇਤਰਾਂ ਵਿਚ ਪਾਸ ਫੀਸਦ 96.77 , ਪੇਂਡੂ ਖੇਤਰਾਂ ਵਿਚ 97.94 ਅਤੇ ਸਰਕਾਰੀ ਸਕੂਲਾਂ ਵਿੱਚ 97.76 ਫੀਸਦ ਅਤੇ ਗੈਰ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸਤ 97.00 ਫੀਸਦ ਰਹੀ ਹੈ |