ਚੰਡੀਗੜ੍ਹ, 14 ਅਗਸਤ 2023: ਹਿਮਾਚਲ ਪ੍ਰਦੇਸ਼ (Himachal Pradesh) ‘ਚ ਭਾਰੀ ਮੀਂਹ ਕਾਰਨ ਆਈ ਤਬਾਹੀ ਕਾਰਨ 24 ਘੰਟਿਆਂ ‘ਚ 21 ਜਣਿਆਂ ਦੀ ਮੌਤ ਦੀ ਖ਼ਬਰ ਹੈ । ਜ਼ਮੀਨ ਖਿਸ਼ਕਣ ਕਾਰਨ ਮਲਬੇ ਵਿੱਚ 35 ਤੋਂ ਵੱਧ ਜਣਿਆਂ ਦਾ ਦਬੇ ਹੋਣ ਦਾ ਖਦਸ਼ਾ ਹੈ । ਸ਼ਿਮਲਾ ਦੇ ਬਾਲੂਗੰਜ ‘ਚ ਸੋਮਵਾਰ ਸਵੇਰੇ ਮੰਦਰ ਢਹਿ ਗਿਆ। ਇਸ ਵਿੱਚ 20 ਤੋਂ 25 ਜਣੇ ਦੇ ਦਬੇ ਹੋਣ ਦਾ ਖਦਸ਼ਾ ਹੈ | ਸ਼ਿਮਲਾ ਸ਼ਹਿਰ ਦੇ ਸਮਰ ਹਿੱਲ ਇਲਾਕੇ ‘ਚ ਸ਼ਿਵ ਮੰਦਰ ‘ਚ ਜ਼ਮੀਨ ਖਿਸਕਣ ਕਾਰਨ 9 ਜਣਿਆਂ ਦੀ ਮੌਤ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਦੇ ਸਮਰ ਹਿੱਲ ਇਲਾਕੇ ਵਿੱਚ ਮੀਂਹ ਨਾਲ ਜ਼ਮੀਨ ਖਿਸਕਣ ਵਾਲੀ ਥਾਂ ਦਾ ਜਾਇਜ਼ਾ ਲਿਆ। ਇੱਥੇ ਉਨ੍ਹਾਂ ਨੇ ਪੂਰੇ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ‘ਚ ਲਗਾ ਦਿੱਤਾ ਹੈ। ਇੱਥੇ ਕਈ ਜਣਿਆਂ ਦੇ ਦੱਬੇ ਹੋਣ ਹੋਣ ਦਾ ਖਦਸ਼ਾ ਹੈ | ਉਨ੍ਹਾਂ ਕਿਹਾ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ, ਨਦੀਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਦੇ ਨੇੜੇ ਜਾਣ ਤੋਂ ਬਚਣ। ਬਰਸਾਤ ਰੁਕਦੇ ਹੀ ਬਹਾਲੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਸੂਬੇ ‘ਚ ਪਿਛਲੇ 24 ਘੰਟਿਆਂ ‘ਚ 21 ਜਣਿਆਂ ਦੀ ਮੌਤ ਹੋ ਗਈ ਹੈ।
ਜਿਕਰਯੋਗ ਹੈ ਕਿ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ 15 ਅਗਸਤ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਮਾਮਲਿਕ ਦੇ ਪਿੰਡ ਧਿਆਵਾਲਾ ਵਿੱਚ ਬੱਦਲ ਫਟ ਗਿਆ ਹੈ। ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਮੁਤਾਬਕ ਬੱਦਲ ਫਟਣ ਕਾਰਨ 7 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 6 ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਦੇਰ ਰਾਤ ਵਾਪਰੀ।
ਹਿਮਾਚਲ ਪ੍ਰਦੇਸ਼ (Himachal Pradesh) ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਸਾਵਧਾਨੀ ਦੇ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਸ਼ਿਮਲਾ ‘ਚ ਜ਼ਮੀਨ ਖਿਸਕਣ ਦੀ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਜਿੱਥੇ 20-25 ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਰਾਜਪਾਲ ਨੇ ਕਿਹਾ ਕਿ ਝੰਡਾ ਲਹਿਰਾਇਆ ਜਾਵੇਗਾ, ਪਰ ਆਜ਼ਾਦੀ ਦਿਵਸ ‘ਤੇ ਰਾਜ ਭਵਨ ‘ਚ ਹੋਣ ਵਾਲਾ ‘ਏਟ ਹੋਮ’ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਦੇਸ਼ ਦੇ ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼ ‘ਚ ਹੋਈ ਭਾਰੀ ਬਾਰਿਸ਼ ਕਾਰਨ ਜਨਜੀਵਨ ਇਕ ਵਾਰ ਫਿਰ ਪ੍ਰਭਾਵਿਤ ਹੋਇਆ ਹੈ। ਭਲਕੇ ਤੱਕ ਹਿਮਾਚਲ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਹੈ। ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ‘ਚ ਸਾਵਧਾਨੀ ਦੇ ਤੌਰ ‘ਤੇ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਢਿੱਗਾਂ ਡਿੱਗਣ ਕਾਰਨ ਸ਼ਿਮਲਾ-ਧਰਮਸ਼ਾਲਾ ਸਮੇਤ ਕਰੀਬ 500 ਸੜਕਾਂ ‘ਤੇ ਆਵਾਜਾਈ ਬੰਦ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਦੀ-ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ ਵਿੱਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ।