ਚੰਡੀਗੜ੍ਹ,12 ਦਸੰਬਰ 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ (Sidhu Moosewala murder case) ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਹੋਈ, ਜਿੱਥੇ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ 3 ਮੁਲਜ਼ਮਾਂ ਨੂੰ ਫਿਜੀਕਲ ਤੌਰ ’ਤੇ ਪੇਸ਼ ਕੀਤਾ ਗਿਆ, ਜਦਕਿ ਮੋਨੂੰ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਮਾਨਸਾ ਦੀ ਅਦਾਲਤ ਵਿੱਚ ਪੁੱਜੇ, ਜਿੱਥੇ ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤ ਦੇ ਕੇਸ ਦੀ ਪੇਸ਼ੀ ਸੀ, ਜਿੱਥੇ ਅਦਾਲਤ ਨੇ ਅਗਲੀ ਸੁਣਵਾਈ 5 ਜਨਵਰੀ ਤੈਅ ਕੀਤੀ ਹੈ।
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਵਕੀਲ ਸ. ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਅੱਜ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ, ਜਦਕਿ ਕਪਿਲ ਪੰਡਿਤ ਅਰਸ਼ਦ ਖਾਨ, ਸਚਿਨ ਭਿਵਾਨੀ ਨੂੰ ਅਜਮੇਰ ਜੇਲ ‘ਚੋਂ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਦਕਿ ਮੋਨੂੰ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ ‘ਚ ਪੇਸ਼ ਨਹੀਂ ਕੀਤਾ ਗਿਆ |
ਇਸ ਦੌਰਾਨ ਬਦਮਾਸ਼ ਲਾਰੈਂਸ ਬਿਸ਼ਨੋਈ ਅਤੇ ਬਦਮਾਸ਼ ਜੱਗੂ ਭਗਵਾਨਪੁਰੀਆ ਨੇ ਵਕੀਲਾਂ ਰਾਹੀਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਅਤੇ ਮਾਣਯੋਗ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਕੇਸ ਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਹੈ, ਜਿਸ ‘ਤੇ ਅਦਾਲਤ ਨੇ 5 ਜਨਵਰੀ ਦੀ ਤਾਰੀਖ਼ ਤੈਅ ਕੀਤੀ ਹੈ।