June 30, 2024 5:52 am
2022 ਚੋਣਾਂ ਆਮ ਆਦਮੀ ਪਾਰਟੀ

2022 ਦੀਆਂ ਚੋਣਾਂ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ :ਰਾਘਵ ਚੱਢਾ

ਚੰਡੀਗੜ੍ਹ ,27 ਜੁਲਾਈ: ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸੋਮਵਾਰ ਨੂੰ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਮੌਜੂਦਗੀ ‘ਚ ਸਪਸ਼ਟ ਕੀਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ।

ਰਾਘਵ ਚੱਢਾ ਨੇ ਕਿਹਾ, “ਅਸੀਂ ਸਾਫ਼ ਸ਼ਬਦਾਂ ‘ਚ ਸਪੱਸ਼ਟ ਕਰ ਰਹੇ ਹਾਂ ਕਿ 2022 ਦੀਆਂ ਚੋਣਾਂ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ। ਕਿਸੇ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਆਪਣੇ ਉਮੀਦਵਾਰ ਉਤਾਰੇਗੀ ਤੇ ਜਿੱਤ ਪ੍ਰਾਪਤ ਕਰੇਗੀ|”

ਚੱਢਾ ਨੇ ਕਿਹਾ ਕਿ ਜੇ ਕਿਸੇ ਵੀ ਦੂਜੀ ਪਾਰਟੀ ਦੇ ਲੋਕ ਆਮ ਆਦਮੀ ਪਾਰਟੀ ‘ਚ ਆਉਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਦਿਲੋਂ ਸਵਾਗਤ ਹੈ| ਅਸੀਂ ਸਿਰਫ਼ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਚਾਹੁੰਦੇ ਹਾਂ ।

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਲੋਕ ਆਮ ਆਦਮੀ ਪਾਰਟੀ ਨੂੰ ਉਮੀਦ ਵਜੋਂ ਦੇਖ ਰਹੇ ਹਨ ਤੇ ਇਸ ਵਾਰੀ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਦੇਣ ਦਾ ਪੂਰਾ ਮਨ ਬਣਾ ਚੁੱਕੇ ਹਨ ਕਿਉਂਕਿ ਪਹਿਲਾ ਲੋਕ ਬਾਦਲਾਂ ਦੇ ਮਾਫ਼ੀਆ ਰਾਜ ਤੇ ਹੁਣ ਕਾਂਗਰਸ ਦੇ ਮਾਫੀਆ ਰਾਜ ਤੋਂ ਕਲਪ ਚੁੱਕੇ ਹਨ |

ਇਸ ਲਈ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ|ਇਸੇ ਦੇ ਨਾਲ ਭਗਵੰਤ ਮਾਨ ਦਾ ਕਹਿਣਾ  ਹੈ ਕਿ ਮੋਦੀ ਸਰਕਾਰ ਹੰਕਾਰੀ ਹੋਈ ਹੈ ਜੋ ਹੋਰ ਬਿਜਲੀ ਸੋਧ ਬਿੱਲ 2021 ਲਿਆ ਕੇ ਸੂਬੇ ਦੇ ਅਧਿਕਾਰ ਖੋਹਣ ਤੇ ਲੱਗੀ ਹੋਈ ਹੈ| ਪਰ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਬਿਜਲੀ ਦੇ ਮੁੱਦਿਆ ਤੇ ਕਿਸਾਨੀ ਸੰਘਰਸ਼ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਜਾ ਰਹੀ ਹੈ|