ਤੇਲੰਗਾਨਾ, 27 ਜਨਵਰੀ 2026: ਤੇਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ਦੇ ਪਥੀਪਾਕਾ ਪਿੰਡ ‘ਚ 200 ਆਵਾਰਾ ਕੁੱਤਿਆਂ ਨੂੰ ਮਾਰ ਦਿੱਤਾ ਗਿਆ। ਪਸ਼ੂ ਭਲਾਈ ਕਾਰਕੁਨਾਂ ਦਾ ਦਾਅਵਾ ਹੈ ਕਿ ਪਿੰਡ ਦੇ ਸਰਪੰਚ ਨੇ ਦਸੰਬਰ ਪੰਚਾਇਤ ਚੋਣਾਂ ਦੌਰਾਨ ਪਿੰਡ ਨੂੰ ਕੁੱਤਿਆਂ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮਹੀਨਾ ਪਹਿਲਾਂ, ਵਾਅਦਾ ਪੂਰਾ ਕਰਨ ਲਈ, ਕੁੱਤਿਆਂ ਨੂੰ ਘਾਤਕ ਜ਼ਹਿਰ ਦਾ ਟੀਕਾ ਲਗਾਇਆ ਗਿਆ ਸੀ। ਫਿਰ ਲਾਸ਼ਾਂ ਨੂੰ ਪਿੰਡ ਦੇ ਕਬਰਸਤਾਨ ‘ਚ ਦਫ਼ਨਾਇਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਿੰਡ ਦੇ ਪੰਚਾਇਤ ਸਕੱਤਰ ਦੀ ਨਿਗਰਾਨੀ ਹੇਠ ਹੋਇਆ ਸੀ।
ਇਸ ਤੋਂ ਪਹਿਲਾਂ, 6 ਜਨਵਰੀ ਤੋਂ 9 ਜਨਵਰੀ ਦੇ ਵਿਚਾਲੇ ਹਨਮਕੋਂਡਾ ਜ਼ਿਲ੍ਹੇ ਦੇ ਸ਼ਿਆਮਪੇਟ ਅਤੇ ਅਰੇਪੱਲੀ ਪਿੰਡਾਂ ‘ਚ ਲਗਭਗ 300 ਆਵਾਰਾ ਕੁੱਤਿਆਂ ਨੂੰ ਮਾਰ ਦਿੱਤਾ ਗਿਆ ਸੀ। ਦਸੰਬਰ 2025 ਤੋਂ ਹੁਣ ਤੱਕ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ‘ਚ ਕੁੱਲ 1,100 ਕੁੱਤਿਆਂ ਨੂੰ ਮਾਰਿਆ ਜਾ ਚੁੱਕਾ ਹੈ।
22 ਜਨਵਰੀ ਨੂੰ ਜਗਤਿਆਲ ਜ਼ਿਲ੍ਹੇ ਦੇ ਪੇਗਾਡਾਪੱਲੀ ਪਿੰਡ ‘ਚ ਲਗਭੱਗ 300 ਕੁੱਤਿਆਂ ਨੂੰ ਘਾਤਕ ਟੀਕੇ ਲਗਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਸਰਪੰਚ ਅਤੇ ਪੰਚਾਇਤ ਸਕੱਤਰ ਵਿਰੁੱਧ ਬੀਐਨਐਸ ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਤੇਲੰਗਾਨਾ ਦੇ ਪਿੰਡਾਂ ‘ਚ ਗ੍ਰਾਮ ਪੰਚਾਇਤ ਚੋਣਾਂ ਤੋਂ ਬਾਅਦ ਵੱਡੇ ਪੱਧਰ ‘ਤੇ ਅਵਾਰਾ ਕੁੱਤਿਆਂ ਨੂੰ ਮਾਰਨ ਦੇ ਮਾਮਲੇ ਸਾਹਮਣੇ ਆਏ ਹਨ। ਚਰਚਾ ਹੈ ਕਿ ਪਿਛਲੇ ਸਾਲ ਦਸੰਬਰ ‘ਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਨੇ ਅਵਾਰਾ ਕੁੱਤਿਆਂ ਅਤੇ ਬਾਂਦਰਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਸੀ। ਦੋਸ਼ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ, ਕੁੱਤਿਆਂ ਨੂੰ ਮਾਰ ਕੇ ਇਹ ਵਾਅਦੇ ਪੂਰੇ ਕੀਤੇ ਜਾ ਰਹੇ ਹਨ।
ਪੁਲਿਸ ਦੇ ਮੁਤਾਬਕ ਸਰਪੰਚਾਂ ‘ਤੇ ਕੁੱਤਿਆਂ ਨੂੰ ਮਾਰਨ ਲਈ ਜ਼ਹਿਰੀਲੇ ਟੀਕੇ ਲਗਾਉਣ ਦਾ ਦੋਸ਼ ਹੈ। ਉਨ੍ਹਾਂ ਨੇ ਜ਼ਹਿਰੀਲੇ ਟੀਕੇ ਲਗਾਉਣ ਲਈ ਇੱਕ ਵਿਅਕਤੀ ਨੂੰ ਨੌਕਰੀ ‘ਤੇ ਰੱਖਿਆ। ਕੁੱਤਿਆਂ ਨੂੰ ਮਾਰਨ ਤੋਂ ਬਾਅਦ, ਉਨ੍ਹਾਂ ਦੀਆਂ ਲਾਸ਼ਾਂ ਨੂੰ ਪਿੰਡਾਂ ਦੇ ਬਾਹਰ ਦਫ਼ਨਾ ਦਿੱਤਾ ਗਿਆ।
Read More: ਸੁਪਰੀਮ ਕੋਰਟ ‘ਚ ਆਵਾਰਾ ਕੁੱਤਿਆਂ ਸੰਬੰਧੀ ਖ਼ਤਰਿਆਂ ਤੇ ਗੈਰ-ਕਾਨੂੰਨੀ ਪ੍ਰਜਨਨ ਦੇ ਮੁੱਦੇ ‘ਤੇ ਬਹਿਸ




