ਪੰਜਾਬ ‘ਚ ਕਪਾਹ ਦੀ ਕਾਸ਼ਤ ਵਾਲੇ ਰਕਬੇ ਵਿੱਚ 20% ਵਾਧਾ: ਖੁੱਡੀਆਂ

ਚੰਡੀਗੜ੍ਹ 10 ਜੂਨ 2025: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (gurmeet singh Khudiyan) ਨੇ ਕਿਹਾ ਕਿ ਸੂਬਾ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਕਪਾਹ ਦੀ ਕਾਸ਼ਤ ਹੇਠ ਰਕਬੇ ਵਿੱਚ ਲਗਭਗ 20 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ 2.49 ਲੱਖ ਏਕੜ ਰਕਬੇ ਵਿੱਚ ਕਪਾਹ ਦੀ ਬਿਜਾਈ ਕੀਤੀ ਗਈ ਸੀ, ਜੋ ਇਸ ਸਾਲ ਵੱਧ ਕੇ 2.98 ਲੱਖ ਏਕੜ ਹੋ ਗਈ ਹੈ। ਯਾਨੀ ਕਿ 49,000 ਏਕੜ ਤੋਂ ਵੱਧ ਦਾ ਵਾਧਾ।

ਸੋਮਵਾਰ ਸ਼ਾਮ ਨੂੰ ਕਿਸਾਨ ਭਵਨ, ਚੰਡੀਗੜ੍ਹ (chandigarh) ਵਿਖੇ ਹੋਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਜਿਸ ਨੂੰ ਸਾਉਣੀ ਸੀਜ਼ਨ ਅਤੇ ਵਿਭਾਗੀ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਬੁਲਾਇਆ ਗਿਆ ਸੀ, ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹਾ 60,121 ਹੈਕਟੇਅਰ ਰਕਬੇ ਨਾਲ ਕਪਾਹ ਦੀ ਕਾਸ਼ਤ ਵਿੱਚ ਮੋਹਰੀ ਹੈ। ਇਸ ਤੋਂ ਬਾਅਦ ਮਾਨਸਾ (27,621 ਹੈਕਟੇਅਰ), ਬਠਿੰਡਾ (17,080 ਹੈਕਟੇਅਰ) ਅਤੇ ਸ੍ਰੀ ਮੁਕਤਸਰ ਸਾਹਿਬ (13,240 ਹੈਕਟੇਅਰ) ਦਾ ਨੰਬਰ ਆਉਂਦਾ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਪਾਹ ਦੇ ਬੀਜਾਂ ‘ਤੇ 33 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰੇਗੀ, ਜਿਸ ਲਈ 49,000 ਤੋਂ ਵੱਧ ਕਿਸਾਨ ਪਹਿਲਾਂ ਹੀ ਔਨਲਾਈਨ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਨੇ ਸਾਰੇ ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ 15 ਜੂਨ ਤੱਕ ਸਾਰੇ ਕਪਾਹ ਉਤਪਾਦਕ ਕਿਸਾਨਾਂ ਦੀ ਔਨਲਾਈਨ ਰਜਿਸਟਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਗੁਰਮੀਤ ਸਿੰਘ ਖੁੱਡੀਆਂ (gurmeet singh Khudiyan) ਨੇ ਸਾਉਣੀ ਦੇ ਸੀਜ਼ਨ ਵਿੱਚ ਮੱਕੀ ਦੀ ਬਿਜਾਈ ‘ਤੇ ਵੀ ਤਸੱਲੀ ਪ੍ਰਗਟਾਈ, ਕਿਉਂਕਿ 1 ਜੂਨ ਨੂੰ ਬਿਜਾਈ ਸ਼ੁਰੂ ਹੋਣ ਤੋਂ ਬਾਅਦ ਸਿਰਫ਼ 9 ਦਿਨਾਂ ਵਿੱਚ 54,000 ਏਕੜ ਤੋਂ ਵੱਧ ਰਕਬੇ ਵਿੱਚ ਮੱਕੀ ਦੀ ਬਿਜਾਈ ਕੀਤੀ ਗਈ ਹੈ।

Read More: ਗੁਰਮੀਤ ਸਿੰਘ ਖੁੱਡੀਆਂ ਨੇ ਕੇਰਲ ਦੇ ਫ੍ਰੋਜ਼ਨ ਸੀਮਨ ਤਕਨਾਲੋਜੀ ਤੇ ਸਹਾਇਤਾ ਪ੍ਰਾਪਤ ਪ੍ਰਜਨਨ ਤਕਨਾਲੋਜੀ ਕੇਂਦਰ ਦਾ ਦੌਰਾ ਕੀਤਾ

Scroll to Top