June 28, 2024 3:48 pm
Paddy

ਮੰਡੀਆਂ ‘ਚ ਝੋਨੇ ਦੀ ਆਮਦ ‘ਚ ਪਿਛਲੇ ਸਾਲ ਨਾਲੋਂ 20.7 ਫ਼ੀਸਦ ਵਾਧਾ: ਡਾ. ਗੁਰਮੇਲ ਸਿੰਘ

ਐੱਸ.ਏ.ਐੱਸ.ਨਗਰ, 14 ਨਵੰਬਰ 2023: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਯਤਨਾਂ ਸਦਕਾ ਸਾਲ 2023 ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਸਾਉਣੀ ਦੀ ਮੁੱਖ ਫਸਲ ਝੋਨੇ (Paddy) ਦਾ ਵਧੇਰੇ ਝਾੜ ਪ੍ਰਾਪਤ ਕੀਤਾ ਗਿਆ ਹੈ, ਜਿਸ ਸਦਕਾ ਉਹਨਾਂ ਦੇ ਵਿਹੜੇ ਖੁਸ਼ੀਆਂ ਤੇ ਰੌਣਕਾਂ ਪਰਤ ਆਈਆਂ ਹਨ।

ਇਸ ਬਾਬਤ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ.ਨਗਰ, ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਹੋਈਆਂ ਭਾਰੀ ਬਾਰਿਸ਼ਾਂ ਅਤੇ ਹੜ੍ਹਾਂ ਦੇ ਕਾਰਨ ਨੁਕਸਾਨੇ ਰਕਬੇ ਲਈ ਝੋਨੇ ਦੀ ਪਨੀਰੀ ਅਤੇ ਹੋਰ ਇਨਪੁਟਸ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਮੰਡੀਆਂ ਵਿੱਚ ਇਸ ਵਾਰ ਝੋਨੇ ਦੀ ਫਸਲ ਦਾ ਚੰਗਾ ਝਾੜ ਹੋਇਆ ਹੈ। ਹੁਣ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਮੰਡੀਆਂ ਵਿਚ ਝੋਨੇ ਦੀ ਆਮਦ ਵਿੱਚ ਪਿਛਲੇ ਸਾਲ ਨਾਲੋਂ 20.7 ਫ਼ੀਸਦ ਵਾਧਾ ਹੋਇਆ ਹੈ।

ਹੜ੍ਹਾਂ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਉਪਰਾਲਿਆਂ ਅਤੇ ਕਿਸਾਨਾਂ ਦੀ ਮਿਹਨਤ ਸਦਕਾ ਝੋਨੇ (Paddy) ਦਾ ਝਾੜ 6619 ਕਿਲੋ ਪ੍ਰਤੀ ਹੈਕਟੇਅਰ ਰਿਹਾ, ਜੋ ਕਿ ਪਿਛਲੇ ਸਾਲ 4752 ਕਿਲੋ ਪ੍ਰਤੀ ਹੈਕਟੇਅਰ ਸੀ। ਸਾਲ 2023 ਦੌਰਾਨ ਲਗਭਗ 3500 ਹੈਕਟੇਅਰ ਰਕਬੇ ‘ਤੇ ਮੱਕੀ ਦੀ ਫਸਲ ਦੀ ਬਿਜਾਈ ਕੀਤੀ, ਜਿਸ ਦਾ ਝਾੜ 5374 ਕਿਲੋ ਪ੍ਰਤੀ ਹੈਕਟੇਅਰ ਰਿਹਾ ਹੈ, ਜੋ ਪਿਛਲੇ ਸਾਲ 4026 ਕਿਲੋ ਪ੍ਰਤੀ ਹੈਕਟੇਅਰ ਸੀ। ਮੱਕੀ ਦੀ ਫਸਲ ਦਾ ਝਾੜ 1348 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਵਧਿਆ ਹੈ।

ਖੇਤੀਬਾੜੀ ਵਿਭਾਗ ਦੁਆਰਾ ਲਗਾਏ ਕੈਂਪਾਂ ਅਤੇ ਕਿਸਾਨ ਗੋਸ਼ਟੀਆਂ ਰਾਹੀਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਗਿਆ ਸੀ। ਇਸ ਸਦਕਾ ਕਿਸਾਨਾਂ ਵੱਲੋਂ ਭਰਪੂਰ ਸਹਿਯੋਗ ਦਿੰਦਿਆਂ ਲਗਭਗ 70 ਫ਼ੀਸਦ ਰਕਬਾ ਘੱਟ ਸਮਾਂ ਲੈਣ ਵਾਲੀ ਪੀ.ਆਰ.126 ਕਿਸਮ ਹੇਠ ਬੀਜਿਆ ਗਿਆ। ਫ਼ਸਲੀ ਵਿਭਿੰਨਤਾ ਅਧੀਨ ਮੱਕੀ ਅਤੇ ਗੰਨੇ ਵਰਗੀਆਂ ਫ਼ਸਲਾਂ ਹੇਠ ਕਾਸ਼ਤ ਅਧੀਨ ਲਿਆਉਣ ਲਈ ਵੀ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਗਿਆ ਅਤੇ ਵਿਭਾਗ ਵੱਲੋਂ ਮੱਕੀ ਦੀ ਕਿਸਮ ਪੀਏਸੀ 751 ਅਤੇ ਪੀਏਸੀ 9293 ਦਾ ਬੀਜ ਉਪਦਾਨ ਤੇ ਕਿਸਾਨਾਂ ਨੂੰ ਦਿੱਤਾ ਗਿਆ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਦੀ ਬਿਹਤਰੀ ਲਈ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਸਹਿਯੋਗ ਦਿੰਦਿਆਂ ਪਰਾਲੀ ਨੂੰ ਅੱਗ ਲਾਉਣ ਦੀ ਰੀਤ ਬਿਲਕੁਲ ਬੰਦ ਕੀਤੀ ਜਾਵੇ। ਇਸ ਨਾਲ ਜਿੱਥੇ ਪ੍ਰਦੂਸ਼ਣ ਤੋਂ ਬਚਾਅ ਹੋਵੇਗਾ, ਉੱਥੇ ਜ਼ਮੀਨ ਦੀ ਸਿਹਤ ਸੁਧਾਰਨ ਨਾਲ ਫਸਲਾਂ ਦਾ ਝਾੜ ਹੋਰ ਵੀ ਵਧੇਗਾ।