9 ਸਤੰਬਰ 2024: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ LOC (ਕੰਟਰੋਲ ਰੇਖਾ) ਨੇੜੇ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਮੁਤਾਬਕ 8 ਸਤੰਬਰ ਦੀ ਦੇਰ ਰਾਤ ਨੂੰ ਫੌਜ ਦੇ ਜਵਾਨਾਂ ਨੇ ਨੌਸ਼ਹਿਰਾ ਦੇ ਲਾਮ ਸੈਕਟਰ ਦੇ ਕੋਲ ਕੁਝ ਹਿਲਜੁਲ ਵੇਖੀ। ਜਿਸ ਤੋਂ ਬਾਅਦ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ।
ਫੌਜ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਗੋਲਾ ਬਾਰੂਦ ਬਰਾਮਦ ਕੀਤਾ ਹੈ। ਦੋ ਏਕੇ-47 ਅਤੇ ਇੱਕ ਪਿਸਤੌਲ ਵੀ ਜ਼ਬਤ ਕੀਤਾ ਗਿਆ । ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ। ਫੌਜ ਨੇ ਇਹ ਜਾਣਕਾਰੀ ਐਕਸ ਤੇ ਸਾਂਝੀ ਕੀਤੀ ਹੈ|
ਪਿਛਲੇ ਇੱਕ ਹਫ਼ਤੇ ਵਿੱਚ ਅੱਤਵਾਦੀ ਮੁਕਾਬਲੇ ਦੀ ਇਹ ਦੂਜੀ ਘਟਨਾ ਹੈ। 2 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਸੁੰਜਵਾਂ ਮਿਲਟਰੀ ਸਟੇਸ਼ਨ ‘ਤੇ ਅੱਤਵਾਦੀਆਂ ਨੇ ਫੌਜ ‘ਤੇ ਗੋਲੀਬਾਰੀ ਕੀਤੀ ਸੀ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ।