Nipah virus

ਕੇਰਲ ‘ਚ ਨਿਪਾਹ ਵਾਇਰਸ ਕਾਰਨ 2 ਜਣਿਆ ਦੀ ਮੌਤ, 4 ਜ਼ਿਲ੍ਹਿਆਂ ‘ਚ ਅਲਰਟ ਜਾਰੀ

ਚੰਡੀਗੜ੍ਹ 13 ਸਤਬੰਰ 2023: ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ (Nipah virus) ਕਾਰਨ ਦੋ ਜਣਿਆ ਦੀ ਮੌਤ ਤੋਂ ਬਾਅਦ 3 ਹੋਰ ਜ਼ਿਲਿਆਂ ਕੰਨੂਰ, ਵਾਇਨਾਡ ਅਤੇ ਮਲਪੁਰਮ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਕੰਟੇਨਮੈਂਟ ਜ਼ੋਨ ਖੇਤਰਾਂ ਅਤੇ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਕੋਝੀਕੋਡ ਦੇ ਜ਼ਿਲ੍ਹਾ ਅਧਿਕਾਰੀ ਨੇ 7 ਪੰਚਾਇਤਾਂ ਵਿੱਚ ਸਾਰੇ ਵਿਦਿਅਕ ਸੰਸਥਾਵਾਂ, ਆਂਗਣਵਾੜੀ ਕੇਂਦਰਾਂ, ਬੈਂਕਾਂ ਅਤੇ ਸਰਕਾਰੀ ਅਦਾਰਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿਰਫ਼ ਦਵਾਈਆਂ ਅਤੇ ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ।

ਕੇਰਲ ‘ਚ ਹੁਣ ਤੱਕ ਨਿਪਾਹ ਵਾਇਰਸ (Nipah virus) ਦੇ 4 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਦੋ ਜਣਿਆ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਸੂਬਾ ਸਰਕਾਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਕਰਨ ਲਈ ਅੱਜ ਕੇਰਲ ਆਵੇਗੀ। ਐਨਆਈਵੀ ਟੀਮ ਕੋਝੀਕੋਡ ਮੈਡੀਕਲ ਕਾਲਜ ਵਿੱਚ ਚਮਗਿੱਦੜਾਂ ਦਾ ਸਰਵੇਖਣ ਵੀ ਕਰੇਗੀ।

ਇਸ ਤੋਂ ਪਹਿਲਾਂ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੰਗਲਵਾਰ ਰਾਤ ਨੂੰ ਐਮਰਜੈਂਸੀ ਬੈਠਕ ਸੱਦੀ ਸੀ। ਇਸ ਵਿੱਚ ਨਿਪਾਹ ਵਾਇਰਸ ਨਾਲ ਨਜਿੱਠਣ ਲਈ ਲੋੜੀਂਦੇ ਯਤਨਾਂ ਸਬੰਧੀ ਸਾਰੇ ਵਿਧਾਇਕਾਂ, ਜਨ ਪ੍ਰਤੀਨਿਧੀਆਂ, ਜ਼ਿਲ੍ਹਾ ਕੁਲੈਕਟਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਸਿਹਤ ਮੰਤਰੀ ਨੇ ਕਿਹਾ ਕਿ ਇਲਾਕੇ ਵਿੱਚ ਸੰਪਰਕ ਟਰੇਸਿੰਗ ਦਾ ਕੰਮ ਚੱਲ ਰਿਹਾ ਹੈ। ਸਿਹਤ ਵਿਭਾਗ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨਾਲ ਵੀ ਗੱਲਬਾਤ ਕੀਤੀ ਅਤੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਲਈ ਮੋਨੋਕਲੋਨਲ ਐਂਟੀਬਾਡੀਜ਼ ਦੀ ਉਪਲਬਧਤਾ ਦਾ ਭਰੋਸਾ ਦਿੱਤਾ ਹੈ।

Scroll to Top