ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਲੋਕ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਇਕ ਸਫਲ ਅਧਿਆਪਕ, ਉੱਚ ਪਾਏ ਦੇ ਗੁਰਬਾਣੀ ਵਿਆਖਿਆ ਕਾਰ, ਉੱਤਮ ਨੀਤੀਵਾਨ, ਲੇਖਕਾਂ ਨੂੰ ਘੜ੍ਹਨ ਵਾਲੀ ਟਕਸਾਲ, ਵਿਦਵਤਾ ਦਾ ਵਗਦਾ ਮਹਾਂ ਸਾਗਰ ਸੀ ਇਹ ਗੁਰੂ ਕਾ ਸਿੱਖ।
2 ਜੂਨ 1894 ਨੂੰ ਰਾਵਲਪਿੰਡੀ ਦੇ ਅਡਿਆਲੇ ਪਿੰਡ ਵਿੱਚ ਬੀਬੀ ਸੁਰਸਤੀ ਦੀ ਕੁਖੋਂ , ਭਾਈ ਭਲਾਕਰ ਸਿੰਘ ਦੀਆਂ ਅੱਖਾਂ ਦਾ ਨੂਰ ‘ਤੇਜ ਰਾਮ ‘ ਪੈਦਾ ਹੋਇਆ। ਤੇਜ ਰਾਮ ਦਾ ਦਾਦਾ ਨਰੈਣ ਸਿੰਘ ਬੜ੍ਹਾ ਸਿਰੜੀ ਤੇ ਸੇਵਾ ਭਾਵ ਵਾਲਾ ਪੁਰਖ ਸੀ।ਉਹ ਪੱਕਾ ਨਿਤਨੇਮੀ ਸਿੱਖ ਸੀ ।ਉਹ ਆਪ ਚਾਹੇ ਅਨਪੜ੍ਹ ਸੀ ,ਪਰ ਦੂਜਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਬਹੁਤ ਕਰਦਾ ਸੀ।ਉਹ ਬਹੁਤ ਸੁੰਦਰ ਤੁਕਬੰਦੀ ਵੀ ਕਰ ਲੈਂਦਾ ਸੀ।ਤੇਜ ਰਾਮ ਦਾ ਪਿਤਾ ਭਾਈ ਭਲਾਕਰ ਸਿੰਘ ਰਾਵਲਪਿੰਡੀ ਵਿੱਚ ਕੰਮ ਕਰਦਾ ਹੋਣ ਕਾਰਨ, ਘਰ ਤੇ ਪਰਿਵਾਰ ਦੀ ਜਿੰਮੇਵਾਰੀ ਬੀਬੀ ਸੁਰਸਤੀ ਤੇ ਸੀ।ਇਹ ਬੀਬੀ ਸੁਭਾਅ ਪੱਖੋਂ ਬਹੁਤ ਦਲੇਰ ਸੀ , ‘ਕੱਲੀ ਚੋਰਾਂ ਨਾਲ ਟਕਰਾਉਣ ਦਾ ਹੀਆ ਰੱਖਦੀ ਸੀ । ਹਿੰਦੂ ਪਰਿਵਾਰ ਵਿਚੋਂ ਆਉਣ ਕਰਕੇ ਉਹ ਵਹਿਮ ਭਰਮ , ਸ਼ਰਾਧ , ਥਿਤ ਵਾਰ ਆਦਿ ਨੂੰ ਮੰਨਦੀ ਸੀ। ਅੰਮ੍ਰਿਤਸਰ ਰਹਿੰਦਿਆਂ ਉਸਦਾ ਰੋਜ਼ਾਨਾ ਨੰਗੇ ਪੈਰੀਂ ਦਰਬਾਰ ਸਾਹਿਬ ਜਾਣ ਦਾ ਨੇਮ ਸੀ ।ਪ੍ਰਿੰਸੀਪਲ ਤੇਜਾ ਸਿੰਘ ਰੂਪੀ ਫੁੱਲ ਦੀ ਸੁੰਗਧੀ ਪਿੱਛੇ ਉਸਦੇ ਦਾਦੇ ਤੇ ਮਾਂ ਬਾਪ ਦੀ ਸਖ਼ਸ਼ੀਅਤ ਦਾ ਬਹੁਤ ਹੱਥ ਹੈ ।
ਤੇਜ ਰਾਮ ਦੀ ਮੁੱਢਲੀ ਸਿੱਖਿਆ ਗੁਰਦੁਆਰੇ ਤੇ ਮਸੀਤ ਵਿਚੋਂ ਆਰੰਭ ਹੁੰਦੀ ਹੈ।ਬਾਬਾ ਖੇਮ ਸਿੰਘ ਬੇਦੀ ਦਾ ਰਾਵਲਪਿੰਡੀ ਇਲਾਕੇ ਵਿੱਚ ਬਹੁਤ ਬੋਲ ਬਾਲਾ ਸੀ । ਉਹਨਾਂ ਦੀ ਪ੍ਰੇਰਨਾ ਸਦਕਾ ਇਹ ਬਾਲਕ ਵੀ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਿਆ । ਪੈਸੇ ਦੀ ਕਮੀ ਕਰਕੇ ਘਰਦੇ ਅੱਗੇ ਪੜ੍ਹਾ ਨਹੀਂ ਸਕਦੇ ਸਨ , ਪਰ ਵਿੱਦਿਆ ਪ੍ਰਾਪਤੀ ਦੀ ਧੁਨ ਵਿੱਚ ਮਸਤ ਹੋਇਆ ਤੇਜਾ ਸਿੰਘ ਦੋ ਪੈਸੇ ਲੈ , ਰਾਵਲਪਿੰਡੀ ਵੱਲ ਘਰਦਿਆਂ ਤੋਂ ਚੋਰੀ ਤੁਰ ਪਏ। ਆਪਣੀ ਪੜ੍ਹਾਈ ਲਈ ਨੌਕਰ ਬਣੇ, ਪਾਣੀ ਢੋਇਆ, ਭਾਂਡੇ ਮਾਂਜੇ, ਕੱਪੜੇ ਧੋਤੇ , ਬਜ਼ੁਰਗ ਦੀ ਮੁਠੀ ਚਾਪੀ ਕੀਤੀ। ਛੇਵੀਂ ਤੇ ਅੱਠਵੀਂ ਦੀ ਪੜ੍ਹਾਈ ਇਕ ਮਾਮੀ ਤੇ ਭਰਾ ਕਾਹਨ ਸਿੰਘ ਦੀ ਬਦੌਲਤ ਸਿਰੇ ਲੱਗੀ।
ਹੈੱਡਮਾਸਟਰ ਕੁਦਨ ਲਾਲ ਦਾ ਪ੍ਰਿੰਸੀਪਲ ਤੇਜਾ ਸਿੰਘ ਨੂੰ ਅੰਗਰੇਜ਼ੀ ਵਾਲੇ ਪਾਸੇ ਤੋਂ ਘੜ੍ਹਨ ਵਿੱਚ ਖ਼ਾਸ ਯੋਗਦਾਨ ਹੈ।ਉਹ ਆਪ ਆਪਣੀ ਜੀਵਨੀ ਵਿੱਚ ਲਿਖਦੇ ਹਨ ਕਿ ‘ਉਸਦਾ (ਕੁੰਦਨ ਲਾਲ) ਦਾ (ਪੜਾਉਣ ਦਾ) ਢੰਗ ਏਨਾ ਚੰਗਾ ਸੀ ਕਿ ਮੈਂ ਕਹਿ ਸਕਦਾ ਹਾਂ ਕਿ ਹੁਣ ਤਕ ਮੈਂ ਓਹੋ ਜੇਹਾ ਉਸਤਾਦ ਕੋਈ ਨਹੀਂ ਡਿੱਠਾ’।ਇਥੇ ਰਾਵਲਪਿੰਡੀ ਵਿੱਚ ਇਨੇ ਨੇਕ ਉਸਤਾਦ ਦੀ ਬਦੌਲਤ ਕਵਿਤਾ ਵਿਚ ਵੀ ਹੱਥ ਖੋਲਣਾ ਸ਼ੁਰੂ ਕਰ ਦਿੱਤਾ ਸੀ । ਅੰਗਰੇਜ਼ੀ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸਖ਼ਸ਼ੀਅਤ ਤੇ ਨਾਟਕ ਵੀ ਲਿਖੇ। ਮਹੀਨੇ ਵਿੱਚ 26 ਦਿਨ ਥੀਏਟਰ ਵੀ ਵੇਖਿਆ ।
ਇਥੇ ਹੀ ਚਿੱਤਰਕਾਰੀ ਦਾ ਸ਼ੌਕ ਵੀ ਪੈਦਾ ਹੋਇਆ। ਨਕਸ਼ੇ ਬਣਾਉਣ ਵਿੱਚ ਖ਼ਾਸ ਹੀ ਮੁਹਾਰਤ ਹਾਸਲ ਸੀ । ਮਿਡਲ ਦਾ ਇਮਤਿਹਾਨ ਰਾਵਲਪਿੰਡੀ ਡਵੀਜਨ ਵਿੱਚ ਅਵਲ ਆ ਕੇ ਪਾਸ ਕੀਤਾ ।ਜਿਸ ਕਾਰਨ ਵਜੀਫਾ ਲੱਗ ਗਿਆ ਤੇ ਤੇਜਾ ਸਿੰਘ ਅਗਲੀ ਪੜ੍ਹਾਈ ਲਈ ਰਾਵਲਪਿੰਡੀ ਤੋਂ ਅੰਮ੍ਰਿਤਸਰ ਆ ਗਿਆ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਫ.ਏ ਪਾਸ ਕੀਤੀ ,ਫਿਰ ਗਾਰਡਨ ਕਾਲਜ ਰਾਵਲਪਿੰਡੀ ਤੋਂ ਬੀ.ਏ ਕੀਤੀ ਤੇ ਨਾਲ ਹੀ ਉਥੇ ਅਧਿਆਪਨ ਦੇ ਕਿੱਤੇ ਨੂੰ ਅਪਣਾ ਐਮ.ਏ ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ।ਮਾਰਚ 1919 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫੈਸਰ ਲੱਗ ਗਏ।ਇਥੇ ਅੰਗਰੇਜ਼ੀ, ਧਰਮ ਤੇ ਇਤਿਹਾਸ ਦਾ ਵਿਸ਼ਾ ਆਪ ਪੜ੍ਹਾ ਰਹੇ ਸਨ।
ਵਿਰਾਸਤ ਵਿੱਚ ਮਿਲੀ ਹੋਈ ਸਿੱਖੀ ਨੇ , ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚ ਆਪ ਨੂੰ ਵੀ ਲਿਆ ਖੜ੍ਹਾ ਕੀਤਾ। ਉਸ ਵਕਤ ਕਈ ਇਤਿਹਾਸਕ ਗੁਰਦੁਆਰਿਆਂ ਵਿਚਲੇ ਵਿਗੜੇ ਪ੍ਰਬੰਧ ਨੂੰ ਠੀਕ ਕਰਨ ਲਈ , ਪੰਥ ਨੇ ਜੋ ਘਾਲਣਾ ਘਾਲੀ , ਉਸ ਵਿੱਚ ਪ੍ਰੋਫੈਸਰ ਤੇਜਾ ਸਿੰਘ ਦਾ ਯੋਗਦਾਨ ਬਹੁਤ ਸ਼ਾਨਦਾਰ ਸੀ । ਸ਼੍ਰੋਮਣੀ ਕਮੇਟੀ ਦੀ ਕਾਇਮੀ ਤੋਂ ਲੈ ਕੇ ,ਉਸਦੇ ਪ੍ਰਚਾਰ ਪ੍ਰਸਾਰ ਦਾ ਖਾਕਾ ਤਿਆਰ ਕਰਨ ਵਿੱਚ ਆਪ ਨੇ ਮੋਹਰੀ ਭੂਮਿਕਾ ਨਿਭਾਈ।ਜੇਲ ਯਾਤਰਾ ਵੀ ਕੀਤੀ।ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ ਇਹਨਾਂ ਨੇ ਆਪਣੇ ਹਥੀਂ 1922 ਵਿੱਚ ‘ Gurdwara Reform Movement and Sikh Awakening ‘ ਨਾਮ ਥੱਲੇ ਛਾਪਿਆ।
ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਗੋਰਾਸ਼ਾਹੀ ਤੋਂ ਮੁਕਤ ਕਰਾਉਣ ਲਈ ਚੱਲੀ ਐਜੀਟੇਸ਼ਨ ਵਿੱਚ ਅਸਤੀਫਾ ਦੇਣ ਵਾਲੇ 13 ਪ੍ਰੋਫੈਸਰਾਂ ਵਿਚੋਂ ਤੇਜਾ ਸਿੰਘ ਵੀ ਇੱਕ ਸੀ ।ਆਪਣੇ ਆਸ਼ੇ ਵਿੱਚ ਕਾਮਯਾਬ ਹੋਣ ਉਪਰੰਤ ਦੁਬਾਰਾ 20 ਵਰ੍ਹੇ ਖਾਲਸਾ ਕਾਲਜ ਦੇ ਪ੍ਰੋਫੈਸਰ ਰਹੇ। ਇਸ ਸਮੇਂ ਵਿੱਚ ਤੇਜਾ ਸਿੰਘ ਦਾ ਕੱਦ ਏਨਾ ਉੱਚਾ ਹੋ ਚੁਕਾ ਸੀ ਕਿ , ਪੰਜਾਬ ਦੀ ਹਰ ਛੋਟੀ ਵੱਡੀ ਸਾਹਿਤਕ , ਧਾਰਮਿਕ ਸਭਾ , ਪੰਜਾਬੀ ਸਭਾ, ਕਵੀ ਦਰਬਾਰ , ਪੁਸਤਕਾਂ ਦੇ ਮੁਖ ਬੰਦ ,ਜਾਂ ਰੀਵਿਊ ਲਈ ਇਹਨਾਂ ਦਾ ਨਾਮ ਸਭ ਤੋਂ ਪਹਿਲਾਂ ਅਉਂਦਾ ਸੀ। ਇਸ ਸਮੇਂ ਵਿੱਚ ਕਿਤੇ ਉਹ ਪ੍ਰਧਾਨਗੀ ਕਰ ਰਹੇ ਹੁੰਦੇ , ਕਿਸੇ ਨੂੰ ਭਾਸ਼ਨ ਸੁਣਾ ਰਹੇ ਹੁੰਦੇ, ਕੋਈ ਉਹਨਾਂ ਕੋਲੋਂ ਅੱਗੇ ਵੱਧਣ ਦੀ ਆਸੀਸ ਲੈ ਰਿਹਾ ਹੁੰਦਾ(ਇਸ ਸਬੰਧੀ ਕਦੇ ਪ੍ਰੋ.ਮੋਹਨ ਸਿੰਘ, ਦਲੀਪ ਕੌਰ ਟਿਵਾਣਾ ਜਾਂ ਬਲਵੰਤ ਗਾਰਗੀ ਦੇ ਤੇਜਾ ਸਿੰਘ ਬਾਰੇ ਕੀਤੇ ਜ਼ਿਕਰ ਪੜ੍ਹੇ ਜਾ ਸਕਦੇ ਹਨ।ਤੇਜਾ ਸਿੰਘ ਦੀ ਇਹ ਖ਼ਾਸੀਅਤ ਸੀ, ਉਹ ਚਾਹੇ , ਪੜ੍ਹਾ ਰਹੇ ਹੋਣ , ਚਾਹੇ ਜੇਲ ਵਿੱਚ ਹੋਣ ਜਾਂ ਰੋਗੀ ਅਵਾਸਥਾ ਵਿੱਚ , ਸਾਹਿਤ ਨਾਲ ਹਰ ਵਕਤ ਜੁੜੇ ਰਹਿਣਾ, ਨਵਾਂ ਨਵਾਂ ਕੁਝ ਬੁਣਦੇ ਰਹਣਾ।ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇੱਕ ਭਗਤ ਲਛਮਨ ਸਿੰਘ ਹੁਣਾਂ ਨਾਲ ਬਹੁਤ ਨਿੱਘੇ ਸਬੰਧ ਸਨ। ਉਹਨਾਂ ਦੀ ਸਖਸ਼ੀਅਤ ਨੇ ਵੀ ਆਪ ਤੇ ਬਹੁਤ ਪ੍ਰਭਾਵ ਪਾਇਆ।
ਇਸ ਸਮੇਂ ਵਿੱਚ ਹੀ ਇੱਕ ਘਟਨਾ ਦਾ ਉਲੇਖ ,ਉਹਨਾਂ ਦੀ ਆਪਣੀ ਜ਼ੁਬਾਨ ਤੋਂ ਹੀ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ, ਜੋ ਇਤਿਹਾਸ ਵਿੱਚ ਬਹੁਤ ਵੱਡੀ ਥਾਂ ਰੱਖਦੀ ਹੈ ” ਅਛੂਤ ਜਾਤੀਆਂ ਦੇ ਲੀਡਰ ਡਾਕਟਰ ਅੰਬੇਦਕਾਰ ਦੀ ਪੰਜਾਬ ਫੇਰੀ ਨੇ ਸਿੱਖਾਂ ਨੂੰ ਉਮੈਦ ਦੁਆਈ ਕਿ ਦੱਖਣ ਦੇ ਲੱਖਾਂ ਹੀ ਪਛੜੀਆਂ ਸ਼ਰੇਣੀਆਂ ਦੇ ਲੋਕ ਸਿੱਖੀ ਧਾਰਨ ਲਈ ਤਿਆਰ ਹਨ ।ਉਨ੍ਹਾਂ ਵਿਚੋਂ ਪੰਜ ਕੁ ਸੌ ਅੰਮ੍ਰਿਤਸਰ ਆਏ ਅਤੇ ਅਕਾਲ ਤਖ਼ਤ ਉਤੇ ਆ ਕੇ ਅੰਮ੍ਰਿਤ ਛਕਿਆ।ਅੰਮ੍ਰਿਤ ਦੀਆਂ ਪੰਜ ਬਾਣੀਆਂ ਪੜ੍ਹਨ ਮਗਰੋਂ ਮੈਂ ਅੰਗਰੇਜ਼ੀ ਵਿੱਚ ਅੰਮ੍ਰਿਤ ਪ੍ਰਚਾਰ ਕੀਤਾ ਅਤੇ ਅੰਗਰੇਜ਼ੀ ਵਿੱਚ ਹੀ ਅਰਦਾਸ ਕੀਤੀ।ਇਹ ਇਤਿਹਾਸ ਵਿਚ ਪਹਿਲਾ ਮੌਕਾ ਸੀ ਜਦੋਂ ਅਕਾਲ ਤਖ਼ਤ ਉਤੇ ਅੰਗਰੇਜ਼ੀ ਬੋਲੀ ਵਿਚ ਸਿੱਖ ਸੰਸਕਾਰ ਕੀਤਾ ਗਿਆ।”
ਇਸ ਸਮੇਂ ਵਿੱਚ ਹੀ ਜਿੱਥੇ ਚੀਫ ਖਾਲਸਾ ਦੀਵਾਨ , ਗੁਰਸੇਵਕ ਸਭਾ ਆਦਿ ਨਾਲ ਜੁੜ ਕੇ ਪੰਥ ਦੀ ਚੜ੍ਹਦੀਕਲਾ ਲਈ ਤੇਜਾ ਸਿੰਘ ਹੁਣੀ ਕੰਮ ਕਰ ਰਹੇ ਸਨ । ਉਥੇ ਮਲਾਇਆ ਤੇ ਥਾਈਲੈਂਡ ਆਦਿ ਵਿਚ ਵੀ 300 ਦੇ ਕਰੀਬ ਭਾਸ਼ਨ ਦੇ ਕੇ ਆਏ।ਇਸਦੇ ਨਾਲ ਹੀ ਜੋ ਮਹਾਨ ਕੰਮ ਉਹਨਾਂ ਕੀਤਾ ਉਹ ਸੀ , ਬਾਵਾ ਹਰਕਿਸ਼ਨ ਸਿੰਘ ਤੇ ਨਰੈਣ ਸਿੰਘ ਹੁਣਾਂ ਦੇ ਸਹਿਯੋਗ ਨਾਲ ‘ ਗੁਰੂ ਗ੍ਰੰਥ ਸਾਹਿਬ ਦਾ ਚਾਰ ਪੋਥੀਆਂ ਵਿੱਚ ਸ਼ਬਦਾਰਥ ‘ ਤਿਆਰ ਕਰਨਾ।ਇਸ ਵਿੱਚ ਇੱਕ ਪਾਸੇ ਗੁਰਬਾਣੀ ਤੇ ਦੂਜੇ ਪਾਸੇ ਸਨਮੁੱਖ ਉਸ ਬਾਣੀ ਵਿਚਲੇ ਔਖੇ ਸ਼ਬਦਾਂ ਦੇ ਅਰਥ , ਜਾਂ ਉਸ ਸ਼ਬਦ ਨਾਲ ਜੁੜੀਆ ਇਤਹਾਸਕ ਸਾਖੀ , ਭਾਵ ਆਦਿ ਦਾ ਜ਼ਿਕਰ ਕੀਤਾ ਹੈ।
1945 ਵਿੱਚ ਬੰਬਈ ਖਾਲਸਾ ਕਾਲੇਜ ਦੇ ਪ੍ਰਿੰਸੀਪਲ ਦੇ ਰੂਪ ਵਿੱਚ ਨਿਯੁਕਤੀ ਹੋਈ।ਤਿੰਨ ਸਾਲ ਬਾਅਦ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਕੱਤਰ ਦਾ ਅਹੁਦਾ ਸੰਭਾਲਿਆ।ਜਨਵਰੀ 1949 ਵਿੱਚ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਬਣੇ। ਪੰਜਾਬੀ ਮਹਿਕਮੇ ਦੇ ਵਾਗ ਡੋਰ ਵੀ ਸੰਭਾਲੀ।ਪੈਪਸੂ ਸਰਕਾਰ ਨੇ ਇਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਬਦਲੇ 1951 ਵਿਚ ਸਨਮਾਨਿਤ ਕੀਤਾ। 1956 ਵਿੱਚ ਇਹਨਾਂ ਤੇ ਅਭਿਨੰਦਨ ਗ੍ਰੰਥ ਵੀ ਪ੍ਰਕਾਸ਼ਿਤ ਹੋਇਆ । ਰਿਟਾਇਰਮੈਂਟ ਤੋਂ ਬਾਅਦ ਅੰਮ੍ਰਿਤਸਰ ਹੀ ਰਿਹਾਇਸ਼ ਪੱਕੀ ਰਹੇ।ਹਰਨਾਮ ਸਿੰਘ ਸ਼ਾਨ ਹੁਣਾਂ ਵੀ ਕਾਫੀ ਖਿਦਮਤ ਕੀਤੀ।ਇਥੇ ਹੀ ਸਿੱਖ ਕੌਮ ਤੇ ਪੰਜਾਬੀ ਸਾਹਿਤ ਦਾ ਇਹ ਮਹਾਨ ਸੂਰਜ 10 ਜਨਵਰੀ 1958 ਨੂੰ ਸਦਾ ਲਈ ਛਿਪ ਗਿਆ।
ਪ੍ਰਿੰਸੀਪਲ ਤੇਜਾ ਸਿੰਘ ਦੀਆਂ ਕੁਝ ਲਿਖਤਾਂ Sikhism:it’s Ideals and Institutions, Essays in Sikhism, A short history of the Sikhs (with Dr.Ganda Singh),High Roads of Sikh History , ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼, ਅੰਗਰੇਜ਼ੀ ਵਿੱਚ ਜਪੁ ਸਾਹਿਬ, ਆਸਾ ਕੀ ਵਾਰ, ਸੁਖਮਨੀ ਸਾਹਿਬ ਆਦਿ ਬਾਣੀਆਂ ਦਾ ਤਰਜ਼ਮਾ , ਗੁਰਬਾਣੀ ਨੂੰ ਸਮਝਣ ਲਈ , ਸ਼ਬਦਾਂਤਿਕ ਲਗਾਂ ਮਾਤ੍ਰਾ ਦੇ ਗੁਝੇ ਭੇਦ ਵੀ ਲਿਖੇ, ਅੰਗਰੇਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਦੋ ਰਾਗਾਂ ਦਾ ਟੀਕਾ, ਨਵੀਆਂ ਸੋਚਾਂ, ਸਹਿਜ ਸੁਭਾ , ਸਾਹਿਤ ਦਰਸ਼ਨ , ਘਰ ਦਾ ਪਿਆਰ , ਪੰਜਾਬੀ ਕਿਵੇਂ ਲਿਖੀਏ ਆਦਿ। ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਨੇ ਆਪਣਾ ਜੀਵਨ ਆਪਣੇ ਹੱਥੀਂ ” ਆਰਸੀ” ਨਾਮ ਥੱਲੇ ਪ੍ਰਕਾਸ਼ਿਤ ਕੀਤਾ।ਇਹ ਕਿਤਾਬ ਸਭ ਨੂੰ ਪੜ੍ਹਨੀ ਚਾਹੀਦੀ ਹੈ।