Ujh River

ਉੱਜ ਦਰਿਆ ‘ਚ 2.60 ਲੱਖ ਕਿਊਸਿਕ ਪਾਣੀ ਛੱਡਿਆ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ

ਚੰਡੀਗੜ੍ਹ,19 ਜੁਲਾਈ 2023: ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਜਾ ਰਿਹਾ ਹੈ। ਉੱਜ ਦਰਿਆ (Ujh River) ਵਿੱਚ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ | ਇਸਤੋਂ ਪਹਿਲਾਂ ਕਿਹਾ ਗਿਆ ਸੀ ਅੱਜ ਸਵੇਰੇ 10 ਵਜੇ ਤੱਕ ਰਾਵੀ ਦਰਿਆ ਵਿੱਚ 3 ਲੱਖ ਕਿਊਸਕ ਦੇ ਕਰੀਬ ਪਾਣੀ ਆਵੇਗਾ |

ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਉੱਜ ਅਤੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਵਾਸੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰ ਤੋਂ ਦੂਰ ਜਾਣ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਜ ਦਰਿਆ ਵਿੱਚ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਸਵੇਰੇ 10:00 ਵਜੇ ਤੱਕ ਮਕੌੜਾ ਪੱਤਣ ਕੋਲ ਰਾਵੀ ਰਦਿਆ ਵਿੱਚ ਆਣ ਮਿਲੇਗਾ। ਜਿਸ ਤੋਂ ਬਾਅਦ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ 3 ਲੱਖ ਕਿਊਸਕ ਹੋ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਸ ਤੋਂ ਦੋ ਘੰਟੇ ਬਾਅਦ ਇਹ ਪਾਣੀ ਕਰੀਬ ਦੁਪਹਿਰ 12:00 ਵਜੇ ਧਰਮਕੋਟ ਪੱਤਣ, ਘੋਨੇਵਾਲ (ਡੇਰਾ ਬਾਬਾ ਨਾਨਕ) ਤੱਕ ਪਹੁੰਚ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦਰਿਆ ਉੱਜ (Ujh River) ਅਤੇ ਰਾਵੀ ਦੇ ਨੇੜੇ ਰਹਿੰਦੇ ਵਾਸੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਉਹ ਉੱਜ ਤੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਤ ਖੇਤਰਾਂ ਤੋਂ ਦੂਰ ਰਹਿਣ ਅਤੇ ਨਾਲ ਹੀ ਆਪਣੇ ਜਾਨਵਰਾਂ ਆਦਿ ਨੂੰ ਸੁਰੱਖਿਅਤ ਥਾਵਾਂ `ਤੇ ਲੈ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹ ਵਰਗੀ ਸਥਿਤੀ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਟੋਲ ਫਰੀ ਨੰਬਰ 1800-180-1852 ਜਾਂ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

Scroll to Top