ਚੰਡੀਗੜ੍ਹ, 2 ਮਾਰਚ 2023: ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਹੀ ਨਤੀਜਾ ਹੈ ਕਿ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਸਰਕਾਰੀ ਆਮਦਨ ਵਿੱਚ 40 ਫ਼ੀਸਦੀ ਵਾਧਾ ਹੋਇਆ ਹੈ। ਜਾਣਕਾਰੀ ਦਿੰਦਿਆਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਫਰਵਰੀ 2023 ‘ਚ ਅਸ਼ਟਾਮ ਅਤੇ ਰਜਿਸਟਰੀਆਂ ਤੋਂ ਸਰਕਾਰੀ ਖਜ਼ਾਨੇ ਨੂੰ 338.99 ਕਰੋੜ ਰੁਪਏ ਦੀ ਆਮਦਨ ਹੋਈ ਹੈ। ਫਰਵਰੀ 2022 ਵਿੱਚ ਇਹ ਆਮਦਨ 241.62 ਕਰੋੜ ਸੀ। ਅਪ੍ਰੈਲ 2022 ਤੋਂ ਫਰਵਰੀ 2023 ਤੱਕ ਦੀ ਆਮਦਨ ਪਿਛਲੇ ਸਾਲ 3499.94 ਕਰੋੜ ਦੀ ਆਮਦਨ ਦੇ ਮੁਕਾਬਲੇ 2929.74 ਕਰੋੜ ਰਹੀ।
ਉਨ੍ਹਾਂ ਕਿਹਾ ਕਿ ਮਾਨਯੋਗ ਸਰਕਾਰ ਦੇ ਕਾਰਜਕਾਲ ਦੌਰਾਨ ਅਪ੍ਰੈਲ 2022 ਤੋਂ ਹੁਣ ਤੱਕ ਮਾਲ ਵਿਭਾਗ (Revenue Department) ਦੀ ਆਮਦਨ ਵਿੱਚ 19 ਫ਼ੀਸਦੀ ਵਾਧਾ ਹੋਇਆ ਹੈ। ਪੂਰੇ ਸੂਬੇ ਦੇ ਮਾਲ ਵਿਭਾਗ ਦੇ ਦਫਤਰਾਂ ਦੀ ਅਚਨਚੇਤ ਜਾਂਚ ਕੀਤੀ ਜਾਵੇਗੀ, ਅਣਗਹਿਲੀ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।