ਚੰਡੀਗੜ੍ਹ, 13 ਦਸੰਬਰ 2023: ਜਲੰਧਰ (Jalandhar) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕੁੜੀ ਦੀ ਸੜੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਇਹ ਮਾਮਲਾ ਜਲੰਧਰ ਦੇ ਅਰਜਨ ਨਗਰ ਸਥਿਤ ਮਿੱਠੂ ਬਸਤੀ ਦਾ ਹੈ। ਮ੍ਰਿਤਕ ਕੁੜੀ ਦੀ ਪਛਾਣ 18 ਸਾਲਾ ਰਾਗਿਨੀ ਵਜੋਂ ਹੋਈ ਹੈ। ਉਸ ਦੀ ਲਾਸ਼ ਉਸ ਦੇ ਘਰ ਤੋਂ ਕੁਝ ਦੂਰੀ ‘ਤੇ ਬਰਾਮਦ ਹੋਈ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਪਿਛਲੇ 24 ਘੰਟਿਆਂ ਤੋਂ ਲਾਪਤਾ ਸੀ।
ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 10ਵੀਂ ਜਮਾਤ ‘ਚ ਪੜ੍ਹਦੀ ਸੀ ਅਤੇ ਸਕੂਲ ਤੋਂ ਬਾਅਦ ਘਰ ‘ਚ ਕੰਮ ‘ਤੇ ਚਲੀ ਜਾਂਦੀ ਸੀ, ਜਿਸ ਤੋਂ ਬਾਅਦ ਉਹ ਘਰ ਆ ਕੇ ਪੜ੍ਹਾਈ ਕਰਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਉਹ ਗਰੀਬ ਲੋਕ ਹਨ ਅਤੇ ਇੱਥੇ ਕੰਮ ਕਰਨ ਆਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਤਾ ਕਿਸ਼ੋਰੀ ਲਾਲ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਸ ਦੀ ਲੜਕੀ ਹਰ ਰੋਜ਼ ਦੀ ਤਰ੍ਹਾਂ 9 ਵਜੇ ਸਕੂਲ ਗਈ ਸੀ। ਉਸ ਦੀਆਂ ਹੋਰ ਸਹੇਲੀਆਂ ਵੀ ਉਸ ਦੇ ਨਾਲ ਸਨ। ਦੁਪਹਿਰ ਬਾਅਦ ਜਦੋਂ ਕੁੜੀ ਦੀ ਮਾਂ ਘਰ ਆਈ ਤਾਂ ਲੜਕੀ ਘਰ ਨਹੀਂ ਸੀ। ਪਰਿਵਾਰ ਨੇ ਤੁਰੰਤ ਰਾਗਿਨੀ ਦੀ ਸਹੇਲੀਆਂ ਨੂੰ ਉਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸਕੂਲ ਤੋਂ ਉਨ੍ਹਾਂ ਨਾਲ ਨਹੀਂ ਆਈ ਸੀ।
ਥਾਣਾ ਬਸਤੀ ਬਾਵਾ ਖੇਲ (Jalandhar) ਦੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਕਰ ਚੁੱਕੀ ਹੈ। ਏਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲਾ ਕਤਲ ਦਾ ਜਾਪਦਾ ਹੈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।