ਚੰਡੀਗੜ੍ਹ, 18 ਮਾਰਚ 2026: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਿੰਸਾ ਅਤੇ ਸੰਕਟ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਮਹੱਤਵਪੂਰਨ ਕਦਮ ਚੁੱਕੇ ਹਨ। ਇਨ੍ਹਾਂ ਯਤਨਾਂ ਦੇ ਤਹਿਤ ਵਿੱਤੀ ਸਾਲ 2022–23 ਤੋਂ 2025–26 ਤੱਕ ਪੰਜਾਬ ਭਰ ‘ਚ ਸਥਾਪਿਤ ਵਨ ਸਟਾਪ ਸੈਂਟਰਾਂ ਰਾਹੀਂ ਕੁੱਲ 17,651 ਔਰਤਾਂ ਨੂੰ ਮੁਫ਼ਤ ਅਤੇ ਇਕਰੂਪ ਸਹਾਇਤਾ ਪ੍ਰਦਾਨ ਕੀਤੀ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਸੰਕਟਗ੍ਰਸਤ ਔਰਤਾਂ ਨੂੰ ਇੱਕ ਹੀ ਥਾਂ ਤੇ ਤੁਰੰਤ ਅਤੇ ਸੰਯੁਕਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਸੇਵਾਵਾਂ ‘ਚ ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਕੌਂਸਲਿੰਗ, ਅਸਥਾਈ ਰਹਿਣ ਦੀ ਸਹੂਲਤ ਅਤੇ ਭੋਜਨ ਸ਼ਾਮਲ ਹਨ।
ਡਾ. ਬਲਜੀਤ ਕੌਰ ਨੇ ਸਾਲ-ਵਾਰ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2022–23 ਦੌਰਾਨ 3,592 ਔਰਤਾਂ ਨੂੰ, 2023–24 ਦੌਰਾਨ 3,633 ਔਰਤਾਂ ਨੂੰ, 2024–25 ਦੌਰਾਨ 5,305 ਔਰਤਾਂ ਨੂੰ ਅਤੇ 2025–26 ਦੌਰਾਨ 5,121 ਔਰਤਾਂ ਨੂੰ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
ਡਾ. ਬਲਜੀਤ ਕੌਰ ਨੇ ਕਿਹਾ ਵਨ ਸਟਾਪ ਸੈਂਟਰ ਸਿਰਫ਼ ਸੇਵਾ ਕੇਂਦਰ ਨਹੀਂ, ਸਗੋਂ ਔਰਤਾਂ ਲਈ ਸੁਰੱਖਿਆ, ਭਰੋਸੇ ਅਤੇ ਸਸ਼ਕਤੀਕਰਨ ਦਾ ਮਜ਼ਬੂਤ ਸਹਾਰਾ ਬਣ ਕੇ ਉਭਰੇ ਹਨ।” ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ, ਤਾਂ ਜੋ ਕੋਈ ਵੀ ਔਰਤ ਜ਼ਰੂਰਤ ਦੇ ਸਮੇਂ ਸਹਾਇਤਾ ਤੋਂ ਵਾਂਝੀ ਨਾ ਰਹਿ ਜਾਵੇ।
ਮੰਤਰੀ ਡਾ. ਬਲਜੀਤ ਕੌਰ ਨੇ ਅਪੀਲ ਕੀਤੀ ਕਿ ਹਰ ਇਕ ਔਰਤ ਨੂੰ ਵੂਮੈਨ ਹੈਲਪਲਾਈਨ ਨੰਬਰ 181 (ਟੋਲ-ਫ੍ਰੀ) ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਸ ਨੰਬਰ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ, ਤਾਂ ਜੋ ਸੰਕਟ ਦੀ ਘੜੀ ‘ਚ ਤੁਰੰਤ ਮੱਦਦ ਯਕੀਨੀ ਬਣਾਈ ਜਾ ਸਕੇ।
Read More: Bathinda News: ਬਠਿੰਡਾ ਪੁਲਿਸ ਨੇ 2 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ




