ਚੰਡੀਗੜ੍ਹ 19 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੀ 89ਵੀਂ ਬਰਸੀ ਮੌਕੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਪਹੁੰਚੇ, ਉਨ੍ਹਾਂ ਨੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਨੂੰ ਸਰਧਾਂਜਲੀ ਦਿੱਤੀ ਅਤੇ ਕਿਹਾ ਕਿ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਲਈ ਲਗਾ ਦਿੱਤਾ |
ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 17 ਸਕੂਲਜ਼ ਆਫ ਐਂਮੀਨੈਂਸ ਖੋਲ੍ਹੇ ਜਾਣਗੇ। ਪੰਜਾਬ ਵਿੱਚ ਸਕੂਲ, ਕਾਲਜ ਬਣਾਏ ਜਾਣਗੇ,ਸਿਖਲਾਈ ਲਈ 36 ਟੀਚਰਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਥੇ ਆਉਣਾ ਮੇਰੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਸੰਗਰੂਰ-ਬਰਨਾਲੇ ਦੇ ਲੋਕ ਆਪਣੇ ਹੱਕ ਲੈਣਾ ਜਾਣਦੇ ਹਨ, ਜੇ ਨਹੀਂ ਮਿਲਦਾ ਤਾਂ ਖੋਹ ਲੈਂਦੇ ਹਨ | ਉਨ੍ਹਾਂ ਕਿਹਾ ਜੈਜੀ ਸਾਹਿਬ ਕਹਿੰਦੇ ਸਨ ਕਿ ਸੰਗਰੂਰ ਪਛੜਿਆ ਇਲਾਕਾ ਹੈ, ਹੁਣ ਪੰਜਾਬ ਦੀ ਸਰਕਾਰ ਇਥੋਂ ਹੀ ਚਲਦੀ ਹੈ |