ਚੰਡੀਗੜ੍ਹ, 18 ਜੁਲਾਈ 2024: ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਲੋੜ ਅਨੁਸਾਰ ਆਂਗਣਵਾੜੀ ਇਮਾਰਤਾਂ (Anganwadi centers)
ਦੀ ਮੁਰੰਮਤ ਕੀਤੀ ਜਾਵੇਗੀ ਅਤੇ ਕਈ ਪਿੰਡਾਂ ‘ਚ ਨਵੀਆਂ ਇਮਾਰਤਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਪਹਿਲੇ ਪੜਾਅ ‘ਚ 1000 ਆਂਗਣਵਾੜੀਆਂ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ 17 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜਿੱਥੇ ਆਂਗਣਵਾੜੀਆਂ (Anganwadi centers) ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ, ਉੱਥੇ ਆਂਗਣਵਾੜੀਆਂ ਦੀਆਂ ਨਵੀਆਂ ਇਮਾਰਤਾਂ ਅਤੇ ਰਜਿਸਟ੍ਰੇਸ਼ਨ ਪਲਾਂਟ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਅੰਬਾਲਾ ਵਿੱਚ ਇੱਕ ਬਹੁ-ਮੰਤਵੀ ਵਿਭਾਗੀ ਇਮਾਰਤ ਵੀ ਬਣਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ ਬਾਲ ਅਤੇ ਇਸਤਰੀ ਕੇਂਦਰਿਤ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸੂਬੇ ਭਰ ‘ਚ 25450 ਆਂਗਣਵਾੜੀਆਂ ਦੇ ਇੱਕ ਸੁਚੱਜੇ ਨੈੱਟਵਰਕ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ਆਂਗਣਵਾੜੀਆਂ ਵਿੱਚ ਲਗਭਗ 12 ਲੱਖ ਲਾਭਪਾਤਰੀਆਂ ਨੂੰ ਪੂਰਕ ਪੋਸ਼ਣ, ਗੈਰ ਰਸਮੀ ਪ੍ਰੀ-ਸਕੂਲ ਸਿੱਖਿਆ, ਟੀਕਾਕਰਨ, ਸਿਹਤ ਸਿੱਖਿਆ, ਸਿਹਤ ਜਾਂਚ ਅਤੇ ਰੈਫਰਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 9900 ਦੇ ਕਰੀਬ ਆਂਗਣਵਾੜੀਆਂ ਵਿਭਾਗ ਦੀ ਮਲਕੀਅਤ ਵਾਲੀਆਂ ਇਮਾਰਤਾਂ ‘ਚ ਚੱਲ ਰਹੀਆਂ ਹਨ |