Aam Aadmi Clinics

ਆਮ ਆਦਮੀ ਕਲੀਨਕਾਂ ’ਤੇ 150 ਤਰ੍ਹਾਂ ਦੀਆਂ ਦਵਾਈਆਂ ਤੇ 41 ਲੈਬ ਟੈਸਟਾਂ ਦੀ ਸੁਵਿਧਾ ਦਿੱਤੀ ਜਾਂਦੀ ਹੈ ਮੁਫ਼ਤ: ਆਸ਼ਿਕਾ ਜੈਨ

ਐੱਸ ਏ ਐੱਸ ਨਗਰ/ਖਰੜ, 4 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਿਹਤ ਸੇਵਾਵਾਂ ਨੂੰ ਮੁੱਖ ਰੱਖ ਕੇ ਸਥਾਪਿਤ ਆਮ ਆਦਮੀ ਕਲੀਨਿਕਾਂ ਨੇ ਸਿਹਤ ਸੰਭਾਲ ’ਚ ਨਵਾਂ ਅਧਿਆਇ ਜੋੜਿਆ ਹੈ। ਆਮ ਆਦਮੀ ਕਲੀਨਿਕ ਸੰਤੇਮਾਜਰਾ ਵਿਖੇ ਐਸ ਡੀ ਐਮ ਖਰੜ ਰਵਿੰਦਰ ਸਿੰਘ ਨਾਲ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ (Aam Aadmi Clinics) ਦੀ ਸ਼ੁਰੂਆਤ ਆਮ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਅਤੇ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ’ਤੇ ਹੀ ਜਾਂਚ ਕਰਕੇ ਠੀਕ ਕਰਨ ਦੇ ਮੰਤਵ ਨਾਲ ਕੀਤੀ ਗਈ ਸੀ, ਜਿਸ ਨਾਲ ਵੱਡੇ ਹਸਪਤਾਲਾਂ ’ਤੇ ਵੀ ਕੰਮ ਦਾ ਬੋਝ ਘਟਿਆ ਹੈ।

ਉਨ੍ਹਾਂ ਦੱਸਿਆ ਕਿ ਇੱਕ ਮੈਡੀਕਲ ਅਫ਼ਸਰ, ਇੱਕ ਫ਼ਾਰਮੇਸੀ ਅਫ਼ਸਰ ਸਮੇਤ ਚਾਰ ਸਿਹਤ ਅਧਿਕਾਰੀ ਤੇ ਕਰਮਚਾਰੀ ਇਸ ਥਾਂ ’ਤੇ ਤਾਇਨਾਤ ਕੀਤੇ ਗਏ ਹਨ, ਜੋ ਲੋਕਾਂ ਨੂੰ 104 ਤਰ੍ਹਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਲੈਬ ਟੈਸਟ ਮੁਫ਼ਤ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ ਆਉੁਣ ਵਾਲੇ ਮਰੀਜ਼ ਦਾ ਡਾਟਾ ਆਨਲਾਈਨ ਰੱਖਿਆ ਜਾਂਦਾ ਹੈ, ਜਿਸ ਨਾਲ ਮਰੀਜ਼ ਨੂੰ ਜੇਕਰ ਅੱਗੇ ਸੈਕੰਡਰੀ ਸਿਹਤ ਸੰਸਥਾ ਲਈ ਰੈਫ਼ਰ ਕੀਤਾ ਜਾਂਦਾ ਹੈ ਤਾਂ ਉੱਥੇ ਮਰੀਜ਼ ਦੀ ਹਿਸਟਰੀ ਆਨਲਾਈਨ ਹੀ ਪਤਾ ਲਾਈ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਇਸ ਵੇਲੇ 34 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ, ਜਿਨ੍ਹਾਂ ’ਚ ਹੁਣ ਤੱਕ 4,34,699 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ’ਚੋਂ 51,451 ਮਰੀਜ਼ਾਂ ਨੂੰ ਮੁਫ਼ਤ ਟੈਸਟਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਲਈ ਆਮ ਆਦਮੀ ਕਲੀਨਿਕਾਂ (Aam Aadmi Clinics) ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀ ਅਤੇ ਸਿਹਤ ਅਧਿਕਾਰੀ ਇਨ੍ਹਾਂ ਕਲੀਨਿਕਾਂ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਕੇ, ਇੱਥੇ ਮੌਜੂਦ ਸਟਾਫ਼ ਅਤੇ ਦਵਾਈ ਲੈਣ ਆਏ ਮਰੀਜ਼ਾਂ ਤੋਂ ਮੁਸ਼ਕਿਲਾਂ ਅਤੇ ਫ਼ੀਡ ਬੈਕ ਲੈਂਦੇ ਰਹਿੰਦੇ ਹਨ।

Scroll to Top