ਚੰਡੀਗੜ੍ਹ, 29 ਜਨਵਰੀ 2026: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਭਰ ‘ਚ 15 ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਹੈ।ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਯੋਗਦਾਨ ਨੂੰ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਸਕੂਲਾਂ ‘ਚ ਪ੍ਰਦਰਸ਼ਿਤ ਕੀਤਾ ਜਾਵੇ |
ਮੰਤਰੀ ਹਰਜੋਤ ਸਿੰਘ ਬੈਂਸ ਨੇ ਨਾਮ ਬਦਲੇ ਸਕੂਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਗਿਆਣਾ (ਫਰੀਦਕੋਟ) ਦਾ ਨਾਮ ਬਦਲ ਕੇ ਸ਼ਹੀਦ ਨਾਇਕ ਸੁਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ, ਫਤਿਹਪੁਰ (ਮਾਨਸਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸਰਦਾਰ ਮੱਘਰ ਸਿੰਘ ਸਰਕਾਰੀ ਹਾਈ ਸਕੂਲ ਫਤਿਹਪੁਰ, ਸਰਕਾਰੀ ਹਾਈ ਸਕੂਲ, ਸੰਧੂ ਕਲਾਂ (ਬਰਨਾਲਾ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਜਗਦੇਵ ਸਿੰਘ ਸਰਕਾਰੀ ਹਾਈ ਸਕੂਲ ਸੰਧੂ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਲੇਲ ਸਿੰਘ ਵਾਲਾ ਦਾ ਨਾਮ ਬਦਲ ਕੇ ਕਾਮਰੇਡ ਧਰਮ ਸਿੰਘ ਫੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਲੇਲ ਸਿੰਘ ਵਾਲਾ ਰੱਖਿਆ ਹੈ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸੇ ਤਰ੍ਹਾਂ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਭੀਖੀ (ਮਾਨਸਾ) ਦਾ ਨਾਮ ਬਦਲ ਕੇ ਸ਼ਹੀਦ ਕਾਂਸਟੇਬਲ ਜਸਵੰਤ ਸਿੰਘ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ), ਭੀਖੀ, ਸਰਕਾਰੀ ਮਿਡਲ ਸਕੂਲ, ਲੁਬਾਣਿਆਂਵਾਲੀ (ਸ੍ਰੀ ਮੁਕਤਸਰ ਸਾਹਿਬ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸਰਵਣ ਸਿੰਘ ਸਰਕਾਰੀ ਮਿਡਲ ਸਕੂਲ ਲੁਬਾਣਿਆਂਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਖਸ਼ੀਵਾਲਾ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਅਰਜਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਸ਼ੀਵਾਲਾ, ਸਰਕਾਰੀ ਹਾਈ ਸਕੂਲ, ਹਮੀਰਗੜ੍ਹ (ਸੰਗਰੂਰ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਗਿਆਨੀ ਮੁਕੰਦ ਸਿੰਘ ਸਰਕਾਰੀ ਹਾਈ ਸਕੂਲ ਹਮੀਰਗੜ੍ਹ, ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਸਰਕਾਰੀ ਮਿਡਲ ਸਕੂਲ, ਦੁਲੱਦੀ (ਪਟਿਆਲਾ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਪਿਆਰਾ ਸਿੰਘ ਸਰਕਾਰੀ ਮਿਡਲ ਸਕੂਲ ਦੁਲੱਦੀ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੈਰੇ (ਬਰਨਾਲਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸ਼੍ਰੀ ਗੁਰਦਿਆਲ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੈਰੇ ਰੱਖਿਆ ਹੈ।
ਇਸਦੇ ਨਾਲ ਹੀ ਸਰਕਾਰੀ ਐਲੀਮੈਂਟਰੀ ਸਕੂਲ, ਹਰਰੰਗਪੁਰਾ ਪਿੰਡੀ (ਬਠਿੰਡਾ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਬੂਟਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਹਰਰੰਗਪੁਰਾ ਪਿੰਡੀ, ਸਰਕਾਰੀ ਪ੍ਰਾਇਮਰੀ ਸਕੂਲ, ਟੱਲੇਵਾਲ (ਬਰਨਾਲਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸ਼੍ਰੀ ਤਾਰਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ, ਸਰਕਾਰੀ ਪ੍ਰਾਇਮਰੀ ਸਕੂਲ, ਨੰਗਲ ਫਰੀਦਾ (ਪਠਾਨਕੋਟ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਰਾਈਫਲਮੈਨ ਜੈ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਫਰੀਦਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਡਰੋਲੀ ਖੁਰਦ (ਜਲੰਧਰ) ਦਾ ਨਾਮ ਬਦਲ ਕੇ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਡਰੋਲੀ ਖੁਰਦ ਰੱਖਿਆ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਦੇ ਜੀਵਨ ‘ਚ ਕੁਰਬਾਨੀ ਅਤੇ ਬਹਾਦਰੀ ਦੀਆਂ ਕਹਾਣੀਆਂ ਦੀ ਸਾਂਝ ਪੈਦਾ ਕਰਨਾ ਅਤੇ ਸਕੂਲ ਦੀ ਪਛਾਣ ਨੂੰ ਦੇਸ਼ ਦੇ ਮਹਾਨ ਨਾਇਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਵਜੋਂ ਪੇਸ਼ ਕਰਨਾ ਹੈ।




