Manohar Lal

ਝੱਜਰ ‘ਚ ਸਟੇਟ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਇਨ ਟੀਚਰ ਐਜੂਕੇਸ਼ਨ ਦੇ ਨਿਰਮਾਣ ਲਈ 15 ਕਰੋੜ ਰੁਪਏ ਦੀ ਰਾਸ਼ੀ ਜਾਰੀ: CM ਮਨੋਹਰ ਲਾਲ

ਚੰਡੀਗੜ, 21 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਝੱਜਰ (Jhajjar) ਵਿਚ ਅਧਿਆਪਕ ਸਿੱਖਿਆ ਵਿਚ ਸਟੇਟ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਦੀ ਨਵੀਂ ਇਮਾਰਤ ਲਈ ਜ਼ਮੀਨ ਲੈ ਲਈ ਗਈ ਹੈ ਅਤੇ ਇਮਾਰਤ ਦੇ ਡਿਜ਼ਾਈਨ ਨੂੰ ਅਗਸਤ, 2023 ਵਿਚ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਨਿਰਮਾਣ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਵੱਲੋਂ ਕੀਤਾ ਜਾਵੇਗਾ। ਇਸ ਦੇ ਲਈ ਸਰਕਾਰ ਵੱਲੋਂ 15 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਇੱਕ ਮੈਂਬਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਸਦਨ ਨੂੰ ਜਾਣਕਾਰੀ ਦਿੰਦਿਆਂ ਮਨੋਹਰ ਲਾਲ ਨੇ ਦੱਸਿਆ ਕਿ ਸਟੇਟ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਇਨ ਟੀਚਰ ਐਜੂਕੇਸ਼ਨ ਪਹਿਲਾਂ ਸਕੂਲ ਸਿੱਖਿਆ ਵਿਭਾਗ ਅਧੀਨ ਸੀ, ਫਿਰ ਇਸ ਸੰਸਥਾ ਨੂੰ ਉਚੇਰੀ ਸਿੱਖਿਆ ਵਿਭਾਗ ਅਧੀਨ ਲਿਆ ਗਿਆ।

ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸੰਸਥਾ ਨੂੰ ਗੁਰੂਗ੍ਰਾਮ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ, ਪਰ ਅਸੀਂ ਫੈਸਲਾ ਕੀਤਾ ਕਿ ਝੱਜਰ (Jhajjar) ਦੀ ਸੰਸਥਾ ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ, ਸਗੋਂ ਗੁਰੂਗ੍ਰਾਮ ਵਿੱਚ ਇੱਕ ਵੱਖਰਾ ਸੰਸਥਾਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੁਰੂਕਸ਼ੇਤਰ ਵਿੱਚ ਸਟੇਟ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਇਨ ਟੀਚਰ ਐਜੂਕੇਸ਼ਨ ਵੀ ਸਥਾਪਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਸਟੇਟ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਇਨ ਟੀਚਰ ਐਜੂਕੇਸ਼ਨ, ਝੱਜਰ ਦੀ ਮਾਨਤਾ ਦਾ ਸਬੰਧ ਹੈ, ਇੰਸਟੀਚਿਊਟ ਦੀ ਮਾਨਤਾ ਮੁੜ ਹਾਸਲ ਕੀਤੀ ਜਾਵੇਗੀ। ਰਾਸ਼ਟਰੀ ਸਿੱਖਿਆ ਨੀਤੀ-2020 ਦੇ ਅਨੁਸਾਰ, ਇਸ ਸੰਸਥਾ ਲਈ ਜੋ ਵੀ ਪ੍ਰਕਿਰਿਆਵਾਂ ਜ਼ਰੂਰੀ ਹਨ, ਉਹ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕੀਤਾ ਜਾਵੇਗਾ।

Scroll to Top