ਚੰਡੀਗੜ੍ਹ, 17 ਸਤੰਬਰ 2025: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪ੍ਰੋਜੈਕਟ ਜੀਵਨਜਯੋਤ 2.0 ਤਹਿਤ ਅੰਮ੍ਰਿਤਸਰ ਜ਼ਿਲ੍ਹੇ ‘ਚ ਗੁਰਦੁਆਰਾ ਸਾਹਿਬ ਨੇੜੇ ਚਲਾਈ ਕਾਰਵਾਈ ਦੌਰਾਨ 15 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾ ਕੇ ਸੁਰੱਖਿਅਤ ਥਾਂ ‘ਤੇ ਰੱਖਿਆ ਅਤੇ ਪੁਨਰਵਾਸ ਉਪਾਅ ਕੀਤੇ ਹਨ।
ਡਾ. ਬਲਜੀਤ ਕੌਰ ਮੁਤਾਬਕ ਜਨਤਕ ਸਹਿਯੋਗ ਉਤਸ਼ਾਹਜਨਕ ਰਿਹਾ ਹੈ, ਕਿਉਂਕਿ ਵੱਧ ਤੋਂ ਵੱਧ ਨਾਗਰਿਕ ਧਾਰਮਿਕ ਸਥਾਨਾਂ, ਬਾਜ਼ਾਰਾਂ, ਬੱਸ ਸਟੈਂਡਾਂ ਅਤੇ ਟ੍ਰੈਫਿਕ ਸਿਗਨਲਾਂ ‘ਤੇ ਬੱਚਿਆਂ ਦੀ ਭੀਖ ਮੰਗਣ ਦੇ ਮਾਮਲੇ ਰਿਪੋਰਟ ਕਰ ਰਹੇ ਹਨ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ ਦੇ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਵਧੀਆ ਸਿੱਖਿਆ ਅਤੇ ਇੱਜ਼ਤ ਨਾਲ ਜੀਣ ਦਾ ਹੱਕ ਦੇਣਾ ਹੈ। ਉਨ੍ਹਾਂ ਕਿਹਾ, “ਬੱਚਿਆਂ ਦਾ ਬਚਪਨ ਸੜਕਾਂ ‘ਤੇ ਨਹੀਂ, ਸਕੂਲਾਂ ‘ਚ ਹੋਣਾ ਚਾਹੀਦਾ ਹੈ। ਪ੍ਰੋਜੈਕਟ ਜੀਵਨਜਯੋਤ 2.0 ਸਾਡੇ ਸੁਪਨੇ ਦੇ ਪੰਜਾਬ ਵੱਲ ਇੱਕ ਵੱਡਾ ਕਦਮ ਹੈ, ਜਿੱਥੇ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ।”
ਇਸਦੇ ਨਾਲ ਹੀ ਕਪੂਰਥਲਾ ‘ਚ ਆ ਰਹੇ ਸਾਲਾਨਾ ਜੋੜ ਮੇਲੇ ਦੇ ਮੱਦੇਨਜ਼ਰ ਪੂਰੇ ਮੇਲੇ ਦੌਰਾਨ ਡਿਊਟੀ ‘ਤੇ ਰਹਿਣ ਲਈ ਵਿਸ਼ੇਸ਼ ਬਚਾਅ ਟੀਮ ਦਾ ਗਠਨ ਕੀਤਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ ਅਤੇ ਬਚਾਏ ਬੱਚਿਆਂ ਨੂੰ ਸਹੀ ਦੇਖਭਾਲ ਅਤੇ ਪੁਨਰਵਾਸ ਮਿਲੇ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੀ ਭੀਖ ਮੰਗਣਾ ਇੱਕ ਗੰਭੀਰ ਸਮਾਜਿਕ ਮੁੱਦਾ ਹੈ। ਪੰਜਾਬ ਸਰਕਾਰ ਇੱਕ ਵਿਆਪਕ ਯੋਜਨਾ ਤਿਆਰ ਕਰ ਰਹੀ ਹੈ | ਇਸ ‘ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਾਗਰੂਕਤਾ ਮੁਹਿੰਮਾਂ, ਬਚਾਅ ਕਾਰਜ ਅਤੇ ਪੁਨਰਵਾਸ ਪ੍ਰੋਗਰਾਮ ਸ਼ਾਮਲ ਹਨ।”
ਉਨ੍ਹਾਂ ਦੱਸਿਆ ਕਿ ਹੁਣ ਤੱਕ 311 ਬੱਚਿਆਂ ਨੂੰ ਬਚਾਇਆ ਹੈ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਸਮਾਜ ‘ਚ ਮੁੜ ਸ਼ਾਮਲ ਕਰਨ ਲਈ ਸਿੱਖਿਆ, ਪੋਸ਼ਣ, ਸਲਾਹ ਅਤੇ ਪੁਨਰਵਾਸ ਸਹਾਇਤਾ ਦਿੱਤੀ ਜਾ ਰਹੀ ਹੈ। ਡਾ. ਬਲਜੀਤ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਦਾਨ ਦੇਣ ਦੀ ਬਜਾਏ ਚਾਈਲਡ ਹੈਲਪਲਾਈਨ 1098 ‘ਤੇ ਕਾਲ ਕਰਕੇ ਅਜਿਹੇ ਮਾਮਲਿਆਂ ਦੀ ਰਿਪੋਰਟ ਕਰਨ, ਤਾਂ ਜੋ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦਿੱਤਾ ਜਾ ਸਕੇ।
Read More: ਪੰਜਾਬ ਸਰਕਾਰ ਵੱਲੋਂ ਮਿਸ਼ਨ ਜੀਵਨਜੋਤ ਤਹਿਤ ਬੇਸਹਾਰਾ ਬੱਚਿਆਂ ਲਈ 15.95 ਕਰੋੜ ਰੁਪਏ ਜਾਰੀ




