ਚੰਡੀਗੜ੍ਹ, 27 ਅਪ੍ਰੈਲ 2024: ਰਾਂਚੀ ਵਿੱਚ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਕੂਲ ਬੱਸ (school bus) ਪਲਟਣ ਕਾਰਨ 15 ਬੱਚੇ ਜ਼ਖਮੀ ਹੋ ਗਏ। ਇਹ ਘਟਨਾ ਮੰਦਾਰ ਦੇ ਸੇਂਟ ਮਾਰੀਆ ਸਕੂਲ ਨੇੜੇ ਵਾਪਰੀ ਹੈ । ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਵਿੱਚ ਕੁੱਲ 30 ਬੱਚੇ ਸਵਾਰ ਸਨ। ਜ਼ਖਮੀ ਬੱਚਿਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾ ਸਬੰਧੀ ਮੰਡੇਰ ਥਾਣਾ ਇੰਚਾਰਜ ਰਾਹੁਲ ਕੁਮਾਰ ਨੇ ਦੱਸਿਆ ਕਿ ਬੱਸ ਹਾਦਸੇ ਵਿੱਚ 15 ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ। ਸਾਰੇ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਨਿਗਰਾਨੀ ਹੇਠ ਹਨ। ਇੱਕ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਉਸ ਦਾ ਸੀਟੀ ਸਕੈਨ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਇਸ ਘਟਨਾ ਸਬੰਧੀ ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਬੱਸ (school bus) ਦੀ ਰਫ਼ਤਾਰ ਤੇਜ਼ ਸੀ ਅਤੇ ਹਾਦਸੇ ਸਮੇਂ ਡਰਾਈਵਰ ਫ਼ੋਨ ‘ਤੇ ਗੱਲ ਕਰ ਰਿਹਾ ਸੀ। ਇਸ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਕਿ ਅੱਜ ਬੱਸ 45 ਮਿੰਟ ਲੇਟ ਆਈ ਹੈ। ਅਜਿਹੇ ‘ਚ ਡਰਾਈਵਰ ਸਮਾਂ ਕੱਢਣ ਲਈ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਹ ਕਿਸੇ ਨਾਲ ਫ਼ੋਨ ‘ਤੇ ਵੀ ਗੱਲ ਕਰ ਰਿਹਾ ਸੀ।
ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਿਸ ਵੱਲੋਂ ਬੱਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।