27 ਅਕਤੂਬਰ 2024: ਪਿਛਲੇ ਇੱਕ ਸਾਲ ਵਿੱਚ ਅਸਾਮ ਰਾਈਫਲਜ਼ ਨੇ ਮਨੀਪੁਰ ( manipur) ਵਿੱਚ 426 ਖੁਫੀਆ ਕਾਰਵਾਈਆਂ ਵਿੱਚ 1480 ਹਥਿਆਰ ਬਰਾਮਦ ਕੀਤੇ ਹਨ। ਭਾਰਤੀ ਫੌਜ ਦੇ ਈਸਟਰਨ ਕਮਾਂਡ ਹੈੱਡਕੁਆਰਟਰ, (Command Headquarters) ਕੋਲਕਾਤਾ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਤਿਵਾਦੀਆਂ ਦੇ ਕਈ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ।
ਫੌਜ ਨੇ ਕਿਹਾ ਕਿ ਮੇਈਟੀ ਭਾਈਚਾਰੇ ਦੇ ਦਬਦਬੇ ਵਾਲੀ ਇੰਫਾਲ ਘਾਟੀ ਵਿੱਚ 220 ਖੁਫੀਆ ਆਪਰੇਸ਼ਨ ਕੀਤੇ ਗਏ ਸਨ। ਇਸ ਦੇ ਨਾਲ ਹੀ ਕੁਕੀ ਭਾਈਚਾਰੇ ਦੇ ਦਬਦਬੇ ਵਾਲੇ ਮਨੀਪੁਰ ਦੇ ਪਹਾੜੀ ਖੇਤਰਾਂ ਵਿੱਚ 206 ਆਪਰੇਸ਼ਨ ਚਲਾਏ ਗਏ। ਇਸ ਦੌਰਾਨ ਇੰਫਾਲ ਘਾਟੀ ਤੋਂ 550 ਅਤੇ ਪਹਾੜੀ ਖੇਤਰਾਂ ਤੋਂ 930 ਹਥਿਆਰ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇੰਫਾਲ ਘਾਟੀ ‘ਚ 51 ਬੰਕਰ ਅਤੇ ਪਹਾੜੀ ਖੇਤਰਾਂ ‘ਚ 78 ਬੰਕਰ ਵੀ ਤਬਾਹ ਕਰ ਦਿੱਤੇ ਗਏ।
ਇਸੇ ਸਿਲਸਿਲੇ ਵਿੱਚ ਮਨੀਪੁਰ ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਉਯੁੰਗਮਾਖੋਂਗ ਤੋਂ ਕਈ ਹਥਿਆਰ ਬਰਾਮਦ ਕੀਤੇ। ਇਸ ਵਿੱਚ SLR 7.62 mm ਰਾਈਫਲ, ਮੈਗਜ਼ੀਨ, HE 36 ਗ੍ਰੇਨੇਡ, ਗ੍ਰੇਨੇਡ ਆਰਮ ਰਿੰਗ, ਅੱਥਰੂ ਗੈਸ ਗ੍ਰਨੇਡ, ਸਟਿੰਗਰ ਗ੍ਰੇਨੇਡ, ਵਾਕੀ-ਟਾਕੀ ਸੈੱਟ, ਬੁਲੇਟ ਪਰੂਫ ਜੈਕੇਟ ਸ਼ਾਮਲ ਹਨ।
ਇਸ ਤੋਂ ਇਲਾਵਾ ਕਰੀਬ 2.3 ਕਿਲੋਗ੍ਰਾਮ ਵਜ਼ਨ ਵਾਲਾ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ ਚਾਰ ਐਚਈ 36 ਗ੍ਰਨੇਡ ਡੈਟੋਨੇਟਰ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ, ਇੰਫਾਲ ਪੱਛਮੀ ਜ਼ਿਲੇ ਦੇ ਸ਼ਾਂਤੀਪੁਰ ਮਾਖਾ ਲੀਕਈ ਤੋਂ ਸਿੰਗਲ ਬੈਰਲ ਬੰਦੂਕ, ਮੈਗਜ਼ੀਨ ਦੇ ਨਾਲ 9 ਐਮਐਮ ਦੀ ਪਿਸਤੌਲ, 7.62 ਐਲਐਮਜੀ ਮੈਗਜ਼ੀਨ, ਡੈਟੋਨੇਟਰ ਦੇ ਨਾਲ ਤਿੰਨ ਐਮ-67 ਗ੍ਰਨੇਡ ਅਤੇ ਹੋਰ ਅਸਲਾ ਜ਼ਬਤ ਕੀਤਾ ਗਿਆ ਹੈ।