July 7, 2024 6:56 pm
Sadak Surakhya Force

ਸੜਕ ਸੁਰੱਖਿਆ ਫੋਰਸ ਦੇ 144 ਅਤਿ-ਆਧੁਨਿਕ ਵਾਹਨ ਸੂਬੇ ਦੀਆਂ 5500 ਕਿਲੋਮੀਟਰ ਸੜਕਾਂ ਦੀ ਕਰਨਗੇ ਨਿਗਰਾਨੀ

ਜਲੰਧਰ, 27 ਜਨਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ (Sadak Surakhya Force) ਦੀ ਸ਼ੁਰੂਆਤ ਕੀਤੀ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ 5500 ਕਿਲੋਮੀਟਰ ਸੜਕਾਂ ਦੀ ਨਿਗਰਾਨੀ ਕਰੇਗੀ।ਸੜਕ ਸੁਰੱਖਿਆ ਫੋਰਸ ਨੂੰ ਸੜਕਾਂ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ ਲਈ ਪਹਿਲੇ ਪੜਾਅ ਵਿੱਚ 144 ਅਤਿ ਆਧੁਨਿਕ ਵਾਹਨ ਦਿੱਤੇ ਗਏ ਹਨ। ਇਨ੍ਹਾਂ ਵਾਹਨਾਂ ਵਿੱਚ 116 ਟੋਇਟਾ ਹਿਲਕਸ ਅਤੇ 28 ਮਹਿੰਦਰਾ ਸਕਾਰਪੀਓ ਸ਼ਾਮਲ ਹਨ ਅਤੇ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੇ ਵਕਫ਼ੇ ਨਾਲ ਤਾਇਨਾਤ ਕੀਤੇ ਜਾਣਗੇ। ਇਹਨਾਂ ਵਾਹਨਾਂ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਦੀ ਟੀਮ ਹੋਵੇਗੀ ਜਿਸ ਦੀ ਅਗਵਾਈ ਪੈਟਰੋਲਿੰਗ ਇੰਚਾਰਜ ਵਜੋਂ ਏ.ਐਸ.ਆਈ. ਜਾਂ ਉਸ ਤੋਂ ਉੱਚ ਰੈਂਕ ਦਾ ਅਧਿਕਾਰੀ ਕਰੇਗਾ।

SSF

ਹਰ ਜ਼ਿਲ੍ਹੇ ਵਿਚ ਰੋਡ ਇੰਟਰਸੈਪਟਰ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਦੀ ਨਿਗਰਾਨੀ ਤਿੰਨ ਪੁਲਿਸ ਮੁਲਾਜ਼ਮ ਕਰਨਗੇ। ਐਸ.ਐਸ.ਐਫ. (Sadak Surakhya Force) ਦੇ ਪਹਿਲੇ ਪੜਾਅ ਵਿੱਚ 1296 ਨਵੇਂ ਭਰਤੀ ਪੁਲਿਸ ਮੁਲਾਜ਼ਮਾਂ ਅਤੇ ਮੌਜੂਦਾ 432 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਟੀਮਾਂ ਅੱਠ ਘੰਟੇ ਦੀ ਸ਼ਿਫਟ ਮੁਤਾਬਿਕ 24 ਘੰਟੇ ਤਾਇਨਾਤ ਰਹਿਣਗੀਆਂ ਜਿਸ ਸਬੰਧੀ ਉਨ੍ਹਾਂ ਨੂੰ ਪੁਲਿਸ ਟਰੇਨਿੰਗ ਅਕੈਡਮੀ, ਕਪੂਰਥਲਾ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।

ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਇਹ ਵਾਹਨ ਸਪੀਡ ਗਨ, ਐਲਕੋਮੀਟਰ, ਈ-ਚਾਲਾਨ ਮਸ਼ੀਨਾਂ ਅਤੇ ਏ.ਆਈ. ਅਧਾਰਿਤ ਸਮਾਰਟ ਪ੍ਰਣਾਲੀ ਵਰਗੇ ਅਤਿ ਆਧੁਨਿਕ ਉਪਕਰਨਾਂ ਨਾਲ ਲੈਸ ਹਨ। ਉਨ੍ਹਾਂ ਕੋਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਨਾਲ ਨਾਲ ਰੀਅਲ-ਟਾਈਮ ਸੀ.ਸੀ.ਟੀ.ਵੀ. ਕੈਮਰਿਆਂ ਵਾਲੀ ਰਿਕਵਰੀ ਵੈਨ ਵੀ ਹੋਵੇਗੀ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੀ ਜਾਂਚ ਅਤੇ ਤਕਨੀਕੀ ਕੰਮ ਸੰਭਾਲਣ ਲਈ ਮਕੈਨੀਕਲ ਇੰਜੀਨੀਅਰ, ਸਿਵਲ ਇੰਜੀਨੀਅਰ ਅਤੇ ਆਈ.ਟੀ. ਮਾਹਿਰ ਵੀ ਹੋਣਗੇ।