Morbi bridge accident

ਮੋਰਬੀ ਪੁਲ ਹਾਦਸੇ ਦੇ ਮਾਮਲੇ ‘ਚ 1262 ਪੰਨਿਆਂ ਦੀ ਚਾਰਜਸ਼ੀਟ ਦਾਖਲ, ਓਰੇਵਾ ਕੰਪਨੀ ਦੇ MD ਦਾ ਨਾਂ ਸ਼ਾਮਲ

ਚੰਡੀਗੜ੍ਹ, 27 ਜਨਵਰੀ 2023: ਪੁਲਿਸ ਨੇ ਮੋਰਬੀ ਪੁਲ ਹਾਦਸੇ (Morbi bridge accident) ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। 1262 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਪੁਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਜੈਸੁਖ ਪਟੇਲ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਅਜਿਹੇ ‘ਚ ਜੈਸੁਖ ਪਟੇਲ ‘ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਅਜਿਹੇ ‘ਚ ਜੈਸੁਖ ਪਟੇਲ ਨੇ 20 ਜਨਵਰੀ ਨੂੰ ਮੋਰਬੀ ਦੀ ਸੈਸ਼ਨ ਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ।

ਮੋਰਬੀ ਪੁਲ ਹਾਦਸੇ (Morbi bridge accident) ਵਿੱਚ ਗੁਜਰਾਤ ਸਰਕਾਰ ਮੋਰਬੀ ਨਿਆਂਪਾਲਿਕਾ ਨੂੰ ਵੀ ਭੰਗ ਕਰ ਸਕਦੀ ਹੈ। ਇਸ ਦੇ ਲਈ ਸਰਕਾਰ ਨੇ ਸਭ ਤੋਂ ਪਹਿਲਾਂ ਨਗਰ ਪਾਲਿਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜੇਕਰ ਸਰਕਾਰ ਨਗਰ ਪਾਲਿਕਾ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਈ ਤਾਂ ਉਹ ਨਗਰਪਾਲਿਕਾ ਨੂੰ ਭੰਗ ਵੀ ਕਰ ਸਕਦੀ ਹੈ।

ਦੂਜੇ ਪਾਸੇ ਸਰਕਾਰ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਨਗਰ ਪਾਲਿਕਾ ਨੇ ਐਸਆਈਟੀ ਵੱਲੋਂ ਜ਼ਬਤ ਕੀਤੇ ਦਸਤਾਵੇਜ਼ ਵਾਪਸ ਕਰਨ ਦੀ ਮੰਗ ਕੀਤੀ ਹੈ। ਨਗਰਪਾਲਿਕਾ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਸਾਰੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਕੋਲ ਹਨ, ਇਸ ਲਈ ਸਰਕਾਰ ਦੇ ਨੋਟਿਸ ਦਾ ਜਵਾਬ ਦੇਣ ਲਈ ਉਸ ਨੂੰ ਦਸਤਾਵੇਜ਼ਾਂ ਦੀ ਲੋੜ ਪਵੇਗੀ।

ਜਿਕਰਯੋਗ ਹੈ ਕਿ 30 ਅਕਤੂਬਰ, 2022 ਨੂੰ ਮੋਰਬੀ ਜ਼ਿਲ੍ਹੇ ਵਿੱਚ ਮੱਛੂ ਨਦੀ ਉੱਤੇ ਸਸਪੈਂਸ਼ਨ ਪੁਲ ਟੁੱਟ ਗਿਆ ਸੀ। ਜਿਸ ਕਾਰਨ 135 ਜਣਿਆਂ ਦੀ ਮੌਤ ਹੋ ਗਈ ਸੀ । ਇਹ ਪੁਲ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣਾਇਆ ਗਿਆ ਸੀ ਅਤੇ ਨਗਰ ਪਾਲਿਕਾ ਦੇ ਸਮਝੌਤੇ ਤਹਿਤ ਓਰੇਵਾ ਗਰੁੱਪ ਇਸ ਪੁਲ ਦਾ ਸੰਚਾਲਨ ਅਤੇ ਰੱਖ-ਰਖਾਅ ਕਰ ਰਿਹਾ ਸੀ। ਪੁਲਿਸ ਇਸ ਮਾਮਲੇ ਵਿੱਚ ਓਰੇਵਾ ਗਰੁੱਪ ਦੇ 4 ਕਰਮਚਾਰੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਵਿੱਚ ਦੋ ਮੈਨੇਜਰ ਅਤੇ ਦੋ ਟਿਕਟ ਕਲਰਕ ਸ਼ਾਮਲ ਹਨ।

Scroll to Top