ਐਸ਼ਲੀਨ ਖੇਲਾ

ਪੰਜਾਬੀ ਮੂਲ ਦੀ 12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਆਸਟ੍ਰੇਲੀਆ ‘ਚ ਮਿਲਿਆ ਰਾਜ ਪੁਰਸਕਾਰ

ਸਿਡਨੀ/ਆਸਟ੍ਰੇਲੀਆ 07 ਮਾਰਚ 2025: ਆਸਟ੍ਰੇਲੀਆ ਦੀ ਜੰਮਪਲ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ ਸੰਬੰਧਿਤ ਆਸਟ੍ਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਪਰਕਾਸ਼ਿਤ ਲੇਖਿਕਾ ਐਸ਼ਲੀਨ ਖੇਲਾ ਨੂੰ ਨਿਊ ਸਾਊਥ ਵੇਲਜ ਸੂਬੇ ਦੀ ਸਰਕਾਰ ਵੱਲੋਂ ਅੰਤਰਾਸ਼ਟਰੀ ਮਹਿਲਾ ਦਿਵਸ ਨਾਲ ਸਬੰਧਤ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਸਿਡਨੀ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਰਕਾਰੀ ਸਮਾਗਮ ਦੌਰਾਨ ਨਿਊ ਸਾਊਥ ਵੇਲਜ ਵੂਮੈਨ ਆਫ ਦੀ ਯੀਅਰ ( ਉਮਰ 7-15 ਸਾਲ ਕੈਟਾਗਿਰੀ) ਨਾਮੀ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |

ਸੂਬੇ ਦੇ ਅੋਰਤਾਂ ਦੇ ਮਾਮਲਿਆਂ ਬਾਰੇ ਮੰਤਰੀ ਜੋਡੀ ਹੈਰਿਸਨ ਵੱਲੋਂ ਇਹ ਰਾਜ ਪੁਰਸਕਾਰ ਐਸ਼ਲੀਨ ਨੂੰ ਪ੍ਰਦਾਨ ਕੀਤਾ ਗਿਆ | ਇਹ ਪੁਰਸਕਾਰ ਐਸ਼ਲੀਨ ਨੂੰ ਉਸ ਵੱਲੋਂ ਛੋਟੀ ਉਮਰ ‘ਚ ਹੁਣ ਤੱਕ ਲਿਖੀਆਂ ਦੋ ਪੁਸਤਕਾਂ ਦੀ ਵਿਕਰੀ ਤੋਂ ਹੋਈ ਸਾਰੀ ਕਮਾਈ ਆਸਟ੍ਰੇਲੀਆ ਸਮੇਤ ਵਿਸ਼ਵ ਭਰ ਦੇ ਗਰੀਬ ਅਤੇ ਅਣਗੌਲੇ ਬੱਚਿਆਂ ਦੀ ਸਿਹਤ ਤੇ ਭਲਾਈ ਲਈ ਦਾਨ ਕਰਨ ਕਰਕੇ ਅਤੇ ਪਹਿਲੀ ਕਿਤਾਬ ਦੇ ਪਰਕਾਸ਼ਿਤ ਹੋਣ ਵਾਲੇ ਸਾਰੇ ਖਰਚੇ ਉਸ ਵੱਲੋਂ 8 ਸਾਲ ਤੋਂ ਲੈ ਕੇ 11 ਸਾਲਾਂ ਦੀ ਉਮਰ ਤੱਕ ਬੋਤਲਾਂ ਅਤੇ ਕੈਨੀਆਂ ਰੀ-ਸਾਈਕਲ ਕਰਕੇ ਤੇ ਬਾਗਬਾਨੀ ਕਰਕੇ ਆਪਣੇ ਬਲਬੂਤੇ ਜੁਟਾਉਣ ਲਈ ਦਿੱਤਾ ਹੈ।

Ashleen Khela

ਇਸ ਸਮਾਗਮ ਤੋਂ ਬਾਅਦ ਨਿਊ ਸਾਊਥ ਵੇਲਜ ਸੂਬੇ ਦੀ ਰਾਜਪਾਲ ਮਾਰਗਰੇਟ ਬੀਜਲੀ ਦੇ ਵਿਸ਼ੇਸ਼ ਸੱਦੇ ਤੇ ਰਾਜਪਾਲ ਸਰਕਾਰੀ ਭਵਨ ਸਿਡਨੀ ਵਿਖੇ ਪੁੱਜੀ ਐਸ਼ਲੀਨ ਨਾਲ ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਰਾਜਪਾਲ ਨੇ ਖੇਲਾ ਦੀ ਲੇਖਣੀ ਰਾਹੀਂ ਸਮਾਜ ਭਲਾਈ ਦੇ ਉੱਦਮਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਲਾ ਅਨੇਕਾਂ ਹੋਰ ਕੜੀਆਂ ਅਤੇ ਅੋਰਤਾਂ ਲਈ ਰੋਲ ਮਾਡਲ ਹੈ।

ਜਿਕਰਯੋਗ ਹੈ ਕਿ ਐਸ਼ਲੀਨ ਖੇਲਾ ਨੇ 2019 ‘ਚ ਆਪਣੀ ਇੱਕ ਪੰਜਾਬ ਫੇਰੀ ਦੌਰਾਨ ਸੜਕ ਕਿਨਾਰੇ ਝੁੱਗੀਆਂ ‘ਚ ਰਹਿੰਦੇ ਪਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਮਿਲਣ ਬਾਅਦ ਉਨ੍ਹਾਂ ਦੀ ਮੱਦਦ ਕਰਨ ਦੇ ਉਦੇਸ਼ ਨਾਲ 8 ਸਾਲ ਦੀ ਉਮਰ ‘ਚ ਲਿਖਣਾ ਸ਼ੁਰੂ ਕੀਤਾ ਸੀ ਤੇ ਅੱਜ ਉਹ ਗਰੀਬ ਬੱਚਿਆਂ ਦੀ ਆਪਣੀਆਂ ਕਿਤਾਬਾਂ ਨਾਲ ਮੱਦਦ ਕਰਨ ਵਾਲੀ ਵਿਸ਼ਵ ਪ੍ਰਸਿੱਧ ਲੇਖਿਕਾ ਵਜੋਂ ਨਾਮ ਖੱਟਿਆ ਹੈ।

11 ਸਾਲਾਂ ਦੀ ਉਮਰ ‘ਚ ਆਈ ਉਸਦੀ ਪਲੇਠੀ ਕਿਤਾਬ ‘ਸਤਾਰਾਂ ਕਹਾਣੀਆਂ’ ਤੇ ਬਾਰਾਂ ਸਾਲਾਂ ਦੀ ਉਮਰੇ ਉਸਦੀ ਦੂਜੀ ਕਿਤਾਬ ‘ਵਰਦੀ ਰਾਹੀਂ ਉਸ ਕੁੜੀ ਦੀ ਯਾਤਰਾ’ ਨਾਲ ਹੁਣ ਤੱਕ ਉਹ ਹਜ਼ਾਰਾਂ ਡਾਲਰ ਯੂਨੀਸੈਫ, ਯੂਐਨ ਵੂਮੈਨ, ਸਟਾਰਲਾਈਟ ਚਿਲਡਰਨ ਸੰਸਥਾ ਤੇ ਕੈਂਸਰ ਕੌਂਸਲ ਆਸਟ੍ਰੇਲੀਆ ਨੂੰ ਦਾਨ ਕਰਨ ਦੇ ਨਾਲ-ਨਾਲ ਪੰਜਾਬ ਦੇ ਝੁੱਘੀਆਂ ‘ਚ ਰਹਿੰਦੇ ਤੇ ਅਨੇਕਾਂ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਲੈਪਟੌਪ, ਗਰਮ ਕੱਪੜੇ, ਜੁੱਤੀਆਂ, ਕਿਤਾਬਾਂ, ਸਟੇਸ਼ਨਰੀ ਤੇ ਪੌਸ਼ਟਿਕ ਭੋਜਨ ਦਾਨ ਕਰ ਚੁੱਕੀ ਹੈ।

ਐਸ਼ਲੀਨ ਨੇ ਅੰਗਰਜੀ ‘ਚ ਲਿਖੀਆਂ ਇਹਨਾ ਕਿਤਾਬਾਂ ਦਾ ਅਨੁਵਾਦ ਪੰਜਾਬੀ ‘ਚ ਵੀ ਹੋ ਰਿਹਾ ਹੈ। ਐਸ਼ਲੀਨ ਦੀਆਂ ਕਿਤਾਬਾਂ ਈ ਬੇਅ ਤੇ ਐਮਾਜੋਨ ਸਣੇ ਉਸਦੀ ਵੈਬਸਾਈਟ ਐਸ਼ਲੀਨ ਖੇਲਾ ਡਾਟ ਕਾਮ ਤੇ ਵਿਸ਼ਵ ਭਰ ਵਿਚ ਉਪਲਬੱਧ ਹਨ। ਜਿਕਰਯੋਗ ਹੈ ਕਿ ਹਾਲ ਹੀ ‘ਚ ਐਸ਼ਲੀਨ ਖੇਲਾ ਨੂੰ ਸਿਡਨੀ ‘ਚ ਅਸਟਰੇਲੀਆ ਦਿਵਸ ਨਾਲ ਸਬੰਧਤ ਯੰਗ ਸਿਟੀਜਨ ਆਫ ਦਾ ਯੀਅਰ 2025 ਪੁਰਸਕਾਰ ਵੀ ਹਿੱਲਜ ਸ਼ਾਇਰ ਕੌਂਸਲ ਵੱਲੋਂ ਦਿੱਤਾ ਸੀ। ਐਸ਼ਲੀਨ ਦਾ ਪਿਛੋਕੜ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸੁਜਾਵਲਪੁਰ ਹੈ  |

Read More: ਅਮਨ ਅਰੋੜਾ ਵੱਲੋਂ ਸਰਕਾਰੀ ਅਤੇ ਨਿੱਜੀ ਅਦਾਰਿਆਂ ਨੂੰ ਰਾਜ ਊਰਜਾ ਸੰਭਾਲ ਪੁਰਸਕਾਰਾਂ ਦੀ ਵੰਡ

Scroll to Top