ਵੇਲਜ਼,16 ਸਤੰਬਰ 2025: ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਕਾਰਡਿਫ, ਵੇਲਜ਼ ਵਿਖੇ ਕਰਵਾਈ ਗਿਆਰਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਮਾਪਤ ਹੋਈ | ਇਸ ਚੈਂਪੀਅਨਸ਼ਿਪ ‘ਚ ਸੱਤ ਪ੍ਰਮੁੱਖ ਗੱਤਕਾ ਅਖਾੜਿਆਂ ਦੇ ਖਿਡਾਰੀਆਂ ਨੇ ਮੁਕਾਬਲਿਆਂ ਦੌਰਾਨ ਆਪਣੀਆਂ ਜੰਗੀ ਕਲਾਵਾਂ ਦੇ ਦਾਅ-ਪੇਚਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਵੇਲਜ਼ ਦੇ ਗੁਰਦੁਆਰਾ ਸਾਹਿਬ ਤੇ ਉੱਥੋਂ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਸਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ, ਜਗਬੀਰ ਸਿੰਘ ਜੱਗਾ ਚਕਰ, ਪ੍ਰਧਾਨ ਵੇਲਜ਼ ਕਬੱਡੀ ਕਲੱਬ, ਜਸਪਾਲ ਸਿੰਘ ਢੇਸੀ ਅਤੇ ਕੇਵਲ ਸਿੰਘ ਰੰਧਾਵਾ ਹਵੇਲੀ ਹੋਟਲ, ਪਾਂਟੀਕਲਾਨ ਦੀ ਹਾਜ਼ਰੀ ‘ਚ ਕੀਤਾ ਗਿਆ।
ਚੈਂਪੀਅਨਸ਼ਿਪ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਹਾਊਸ ਆਫ਼ ਕਾਮਨਜ਼ ਦੀ ਹਾਈ ਪਾਵਰ ਰੱਖਿਆ ਕਮੇਟੀ ਦੇ ਚੇਅਰਮੈਨ ਤਨਮਨਜੀਤ ਢੇਸੀ ਨੇ ਕਿਹਾ ਕਿ ਬਰਤਾਨੀਆ ਦੀ ਨੌਜਵਾਨ ਪੀੜ੍ਹੀ ਵੱਲੋਂ ਗੱਤਕਾ ਖੇਡ ਪ੍ਰਤੀ ਵਧ ਰਹੀ ਦਿਲਚਸਪੀ ਉਸਾਰੂ ਕਦਮ ਹੈ ਅਤੇ ਅਗਲੇ ਸਾਲ ਹੋਰ ਖਿਡਾਰੀਆਂ ਨੂੰ ਵੀ ਇਸ ਟੂਰਨਾਮੈਂਟ ਲਈ ਆਕਰਸ਼ਿਤ ਕੀਤਾ ਜਾਵੇਗਾ।
ਇਸ ਚੈਂਪੀਅਨਸ਼ਿਪ ‘ਚ ਸਾਰੇ ਮੁਕਾਬਲੇ ਫੱਰੀ-ਸੋਟੀ (ਵਿਅਕਤੀਗਤ) ਵਰਗ ‘ਚ ਹੀ ਖੇਡੇ ਗਏ। ਉਮਰ ਵਰਗ 14 ਸਾਲ ਤੋਂ ਘੱਟ ਦੇ ਮੁਕਾਬਲਿਆਂ ‘ਚੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਰੂਪ ਕੌਰ ਨੇ ਆਪਣੇ ਹੀ ਅਖਾੜੇ ਦੀ ਗਤਕੇਬਾਜ਼ ਮਨਰੂਪ ਕੌਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗਰੇਵਜ਼ੈਂਡ ਦੀ ਰਿਹਾਨਾ ਕੌਰ ਤੀਜੇ ਸਥਾਨ ਤੇ ਰਹੀ।
ਇਸੇ ਤਰ੍ਹਾਂ 17 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ‘ਚੋਂ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਵੂਲਵਿਚ ਦੇ ਨਵਜੋਤ ਸਿੰਘ ਨੇ ਆਪਣੇ ਹੀ ਅਖਾੜੇ ਦੇ ਖਿਡਾਰੀ ਜਸ਼ਨ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਵਰਗ ‘ਚ ਕੋਵੈਂਟਰੀ ਤੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜੇ ਦੇ ਧਰਮ ਸਿੰਘ ਅਤੇ ਤੇਜਵੀਰ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ‘ਚੋਂ ਜੰਗੀ ਹੋਰਸਿਜ਼ ਕਲੱਬ ਵੁਲਵਰਹੈਂਪਟਨ ਦੇ ਗਤਕੇਬਾਜ਼ ਗੁਰਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗਰੇਵਜ਼ੈਂਡ ਦੇ ਕੁਲਦੀਪ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ‘ਚ ਤੀਜਾ ਸਥਾਨ ਬਾਬਾ ਮਿੱਤ ਸਿੰਘ ਗੱਤਕਾ ਅਖਾੜਾ ਵੁਲਵਰਹੈਮਪਟਨ ਦੇ ਅਨਮੋਲਦੀਪ ਸਿੰਘ ਅਤੇ ਨਿਹਾਲ ਸਿੰਘ ਨੇ ਸਾਂਝੇ ਤੌਰ ਤੇ ਹਾਸਲ ਕੀਤਾ।
ਸਾਰੇ ਜੇਤੂ ਖਿਡਾਰੀਆਂ ਨੂੰ ਤਮਗੇ ਅਤੇ ਸਨਮਾਨ ਚਿੰਨ੍ਹ ਦਿੱਤੇ ਜਦਕਿ ਗੱਤਕਾ ਅਖਾੜਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਸਿਖਲਾਈ ਸਹੂਲਤਾਂ ਲਈ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਹਜ਼ਾਰ-ਹਜ਼ਾਰ ਪੌਂਡ ਦੀ ਨਗਦ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ।
ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਸਦ ਮੈਂਬਰ ਢੇਸੀ ਵੱਲੋਂ ਸਾਲ 2013 ਤੋਂ ਯੂਕੇ ‘ਚ ਲਗਾਤਾਰ ਗੱਤਕਾ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀ ਜਾ ਰਹੀ ਸੇਵਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕਾ ਫੈਡਰੇਸ਼ਨ ਯੂਕੇ ਨੂੰ ਹਰ ਸੰਭਵ ਸਹਿਯੋਗ ਜਾਰੀ ਰਹੇਗਾ।
ਤਨਮਨਜੀਤ ਸਿੰਘ ਢੇਸੀ ਨੇ ਚੈਂਪੀਅਨਸ਼ਿਪ ਦੇ ਸਾਰੇ ਜੇਤੂਆਂ, ਭਾਗ ਲੈਣ ਵਾਲਿਆਂ ਅਤੇ ਵਾਲੰਟੀਅਰਾਂ ਨੂੰ ਵਧਾਈ ਦਿੱਤੀ ਅਤੇ ਸਵਾਂਜ਼ੀ ਅਤੇ ਕਾਰਡਿਫ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਸਫਲ ਹੋਇਆ।
Read More: ਸਵਾਨਜ਼ੀ ਵਿਖੇ 14 ਸਤੰਬਰ ਨੂੰ ਹੋਵੇਗੀ 11ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ: ਤਨਮਨਜੀਤ ਸਿੰਘ ਢੇਸੀ