11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਾਰਡਿਫ ‘ਚ ਧੂਮਧਾਮ ਨਾਲ ਹੋਈ ਸਮਾਪਤ, ਵੇਲਜ਼ ਵਿੱਚ ਪਹਿਲੀ ਵਾਰ ਆਯੋਜਿਤ: ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ

ਚੰਡੀਗੜ੍ਹ 16 ਸਤੰਬਰ 2025 – ਕਾਰਡਿਫ, ਵੇਲਜ਼ ਵਿੱਚ ਗੱਤਕਾ ਫੈਡਰੇਸ਼ਨ ਯੂਕੇ ਦੁਆਰਾ ਆਯੋਜਿਤ 11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ (11th UK National Gatka Championship ) ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਸਮਾਪਤ ਹੋਈ ਜਿਸ ਵਿੱਚ ਸੱਤ ਪ੍ਰਮੁੱਖ ਗੱਤਕਾ ਅਖਾੜਿਆਂ ਦੇ ਖਿਡਾਰੀਆਂ ਨੇ ਮੈਚਾਂ ਦੌਰਾਨ ਆਪਣੇ ਮਾਰਸ਼ਲ ਆਰਟ ਦੇ ਚਾਲਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਗੁਰਦੁਆਰਾ ਸਾਹਿਬ ਵੇਲਜ਼ ਅਤੇ ਉੱਥੋਂ ਦੀ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਇਸ ਸਾਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਵਰਲਡ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਿਲੋਹ ਹਲਕੇ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ, ਜਗਬੀਰ ਸਿੰਘ ਜੱਗਾ ਚੱਕਰ, ਵੇਲਜ਼ ਕਬੱਡੀ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਢੇਸੀ ਅਤੇ ਕੇਵਲ ਸਿੰਘ ਰੰਧਾਵਾ ਹਵੇਲੀ ਹੋਟਲ ਪੋਂਟੀਕਨ ਦੀ ਮੌਜੂਦਗੀ ਵਿੱਚ ਕੀਤਾ।

ਨਤੀਜਿਆਂ ਦਾ ਐਲਾਨ ਕਰਦੇ ਹੋਏ, ਹਾਊਸ ਆਫ਼ ਕਾਮਨਜ਼ ਦੀ ਉੱਚ ਪੱਧਰੀ ਰੱਖਿਆ ਕਮੇਟੀ ਦੇ ਚੇਅਰਮੈਨ ਢੇਸੀ ਨੇ ਕਿਹਾ ਕਿ ਬ੍ਰਿਟੇਨ ਦੀ ਨੌਜਵਾਨ ਪੀੜ੍ਹੀ ਵੱਲੋਂ ਗੱਤਕੇ ਵਿੱਚ ਵਧ ਰਹੀ ਦਿਲਚਸਪੀ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਅਗਲੇ ਸਾਲ ਹੋਰ ਖਿਡਾਰੀ ਆਕਰਸ਼ਿਤ ਹੋਣਗੇ।

ਇਸ ਚੈਂਪੀਅਨਸ਼ਿਪ ਦੇ ਸਾਰੇ ਮੈਚ ਸਿਰਫ਼ ਵਿਅਕਤੀਗਤ ਵਰਗ ਵਿੱਚ ਖੇਡੇ ਗਏ। 14 ਸਾਲ ਤੋਂ ਘੱਟ ਉਮਰ ਵਰਗ ਵਿੱਚ, ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਰੂਪ ਕੌਰ ਨੇ ਆਪਣੇ ਹੀ ਅਖਾੜੇ ਦੀ ਗੱਤਕਾ ਖਿਡਾਰਨ ਮਨਰੂਪ ਕੌਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗ੍ਰੇਵਸੈਂਡ ਦੀ ਰਿਹਾਨਾ ਕੌਰ ਤੀਜੇ ਸਥਾਨ ‘ਤੇ ਰਹੀ।

ਇਸੇ ਤਰ੍ਹਾਂ, 17 ਸਾਲ ਤੋਂ ਘੱਟ ਉਮਰ ਵਰਗ ਵਿੱਚ, ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਵੂਲਵਿਚ ਦੇ ਨਵਜੋਤ ਸਿੰਘ ਨੇ ਆਪਣੇ ਹੀ ਅਖਾੜੇ ਦੇ ਖਿਡਾਰੀ ਜਸ਼ਨ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਵਿੱਚ, ਕੋਵੈਂਟਰੀ ਦੇ ਧਰਮ ਸਿੰਘ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੇ ਤੇਜਵੀਰ ਸਿੰਘ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।

18 ਸਾਲ ਤੋਂ ਵੱਧ ਉਮਰ ਦੇ ਮੁਕਾਬਲਿਆਂ ਵਿੱਚ, ਜੰਗੀ ਹਾਰਸਜ਼ ਕਲੱਬ ਵੁਲਵਰਹੈਂਪਟਨ ਦੇ ਗੱਤਕਾਬਾਜ਼ ਗੁਰਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗ੍ਰੇਵਸੈਂਡ ਦੇ ਕੁਲਦੀਪ ਸਿੰਘ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ, ਬਾਬਾ ਮੀਤ ਸਿੰਘ ਗੱਤਕਾ ਅਖਾੜਾ ਵੁਲਵਰਹੈਂਪਟਨ ਦੇ ਅਨਮੋਲਦੀਪ ਸਿੰਘ ਅਤੇ ਨਿਹਾਲ ਸਿੰਘ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਾਰੇ ਜੇਤੂਆਂ ਨੂੰ ਮੈਡਲ ਅਤੇ ਸਨਮਾਨ ਦਿੱਤੇ ਗਏ ਜਦੋਂ ਕਿ ਗੱਤਕਾ ਅਖਾੜਿਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਲਈ, ਗੱਤਕਾ ਫੈਡਰੇਸ਼ਨ ਯੂਕੇ ਨੇ ਸਾਰੇ ਭਾਗੀਦਾਰ ਗੱਤਕਾ ਅਖਾੜਿਆਂ ਨੂੰ ਹਜ਼ਾਰਾਂ ਪੌਂਡ ਦੀ ਨਕਦ ਸਹਾਇਤਾ ਪ੍ਰਦਾਨ ਕੀਤੀ।

ਇਸ ਮੌਕੇ ਬੋਲਦਿਆਂ ਹਰਜੀਤ ਸਿੰਘ ਗਰੇਵਾਲ (harjeet singh grewal) ਨੇ ਕਿਹਾ ਕਿ ਸੰਸਦ ਮੈਂਬਰ ਢੇਸੀ ਸਾਲ 2013 ਤੋਂ ਯੂਕੇ ਵਿੱਚ ਲਗਾਤਾਰ ਗੱਤਕਾ ਟੂਰਨਾਮੈਂਟ ਕਰਵਾ ਰਹੇ ਹਨ ਅਤੇ ਇਸ ਖੇਡ ਦੇ ਪ੍ਰਚਾਰ ਲਈ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸੇਵਾ ਸ਼ਲਾਘਾਯੋਗ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਗੱਤਕਾ ਫੈਡਰੇਸ਼ਨ ਯੂਕੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ।

ਤਨਮਨਜੀਤ ਸਿੰਘ ਢੇਸੀ (Tanmanjit Singh Dhesi) ਨੇ ਆਪਣੇ ਸੰਬੋਧਨ ਵਿਚ ਸਮੂਹ ਜੇਤੂਆਂ, ਵਲੰਟੀਅਰਾਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਵੰਜੀ ਅਤੇ ਕਾਰਡਿਫ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਟੂਰਨਾਮੈਂਟ ਨੂੰ ਸਫਲ ਬਣਾਇਆ ਗਿਆ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨ ਸਿੰਘ ਜੌਹਲ ਜਨਰਲ ਸਕੱਤਰ ਗੱਤਕਾ ਫੈਡਰੇਸ਼ਨ ਯੂ.ਕੇ., ਖੁਸ਼ਵੰਤ ਸਿੰਘ, ਜੀਤ ਸਿੰਘ ਅਰੋੜਾ ਸਵੈਜੀ ਗੁਰਦੁਆਰਾ ਕਮੇਟੀ, ਸੰਗਤ ਸਿੰਘ ਗਰੀਬ ਕਾਰਡਿਫ ਗੁਰਦੁਆਰਾ ਕਮੇਟੀ, ਕੁਲਦੀਪ ਸਿੰਘ ਪੱਡਾ, ਤਰਜੀਤ ਸਿੰਘ ਸੰਧੂ, ਰਾਜ ਬਾਜਵਾ, ਗੁਰਨਾਮ ਨਿੱਝਰ, ਜੀਤਪਾਲ ਸਿੱਧੂ, ਪਰਮਿੰਦਰ ਰਣਬੀਰ ਸਿੰਘ ਸੁਜਾਰਾ, ਬਲਬੀਰ ਸਿੰਘ ਰਣਬੀਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ। ਤਰਨ ਸਿੰਘ ਨਿਹੰਗ ਕਾਰਡਿਫ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਕਾਲੀ ਚੈਨਲ ਦੀ ਟੀਮ, ਅਮਨਪ੍ਰੀਤ ਸਿੰਘ ਸਿੱਖ ਚੈਨਲ, ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਨਿਊਜ਼ ਅਤੇ ਸੂਜਾਪੁਰ ਆਦਿ।

Read More: ਰਾਸ਼ਟਰੀ ਸੁਰੱਖਿਆ ਰਣਨੀਤੀ ‘ਤੇ ਸਾਂਝੀ ਕਮੇਟੀ ਦਾ ਮੈਂਬਰ ਬਣਨਾ ਮੇਰੇ ਲਈ ਸਨਮਾਨ ਦੀ ਗੱਲ: ਤਨਮਨਜੀਤ ਸਿੰਘ ਢੇਸੀ

Scroll to Top