Punjabi University

ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ‘ਤੇ ਹਮਲੇ ਮਾਮਲੇ ‘ਚ 11 ਵਿਦਿਆਰਥੀਆਂ ਨੂੰ ਕੀਤਾ ਮੁਅੱਤਲ

ਚੰਡੀਗੜ੍ਹ, 14 ਦਸੰਬਰ 2023: ਕੁਝ ਮਹੀਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ (Punjabi University) ਦੀ ਵਿਦਿਆਰਥਣ ਦਾ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ | ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਯੂਨੀਵਰਸਿਟੀ ‘ਚ ਪ੍ਰੋਫੈਸਰ ‘ਤੇ ਹਮਲੇ ਦੇ ਮਾਮਲੇ ‘ਚ ਅਥਾਰਟੀ ਨੇ 11 ਵਿਦਿਆਰਥੀਆਂ ਨੂੰ ਮੁਅੱਤਲ ਕੇ ਦਿੱਤਾ ਹੈ। ਇਹਨਾਂ ਵਿਦਿਆਰਥੀਆਂ ਦੇ ਕੈਂਪਸ ਚ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਕਿ ਇਹਨਾਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ‘ਚ ਬੈਠਣ ਦੀ ਛੋਟ ਦੇ ਦਿੱਤੀ ਗਈ ਹੈ।

ਇਸਦੀ ਜਾਣਕਾਰੀ ਦਿੰਦਿਆਂ ਲੋਕ ਸੰਪਰਕ ਡਾਇਰੈਕਟਰ ਦਲਜੀਤ ਅੰਮੀ ਨੇ ਕਿਹਾ ਕਿ ਇਸ ਮਾਮਲੇ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸਦੀ ਰਿਪੋਰਟ ਵਿਚ 11 ਵਿਦਿਆਰਥੀਆਂ ਦੇ ਨਾਂ ਸਾਹਮਣੇ ਆਏ ਹਨ। ਰਿਪੋਰਟ ਦੇ ਆਧਾਰ ‘ਤੇ ਅਥਾਰਟੀ ਵੱਲੋਂ ਇਹਨਾਂ ਵਿਦਿਆਰਥੀਆਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਕ ਕਮੇਟੀ ਨੇ ਧਰਨੇ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ ‘ਤੇ ਹੋਏ ਹਮਲੇ ਦੀ ‘ਯੂਨੀਵਰਸਿਟੀ (Punjabi University) ਅਥਾਰਟੀ ਵੱਲੋ ਜਾਂਚ ਸ਼ੁਰੂ ਕੀਤੀ ਗਈ ਸੀ । ਕਮੇਟੀ ਵੱਲੋਂ ਘਟਨਾ ਸਬੰਧੀ ਸਬੂਤ ਤੇ ਵੀਡਿਓ ਕਲਿੱਪ ਇਕੱਤਰ ਕੀਤੇ ਗਏ। ਜਿਨ੍ਹਾਂ ਤੋਂ 11 ਵਿਦਿਆਰਥੀਆਂ ਦੀ ਪਛਾਣ ਹੋਈ ਹੈ। ਸੂਤਰਾਂ ਅਨੁਸਾਰ 4 ਵਿਦਿਆਰਥੀ ਖੁਦ ਕਮੇਟੀ ਸਾਹਮਣੇ ਪੇਸ਼ ਹੋਏ ਤੇ ਆਪਣਾ ਪੱਖ ਵੀ ਰੱਖਿਆ ਅਤੇ 7 ਵਿਦਿਆਰਥੀ ਕਮੇਟੀ ਸਾਹਮਣੇ ਤਾਂ ਪੇਸ਼ ਨਹੀਂ ਹੋਏ ਪਰ ਇਹਨਾਂ ਦੀ ਪਛਾਣ ਕਰਕੇ ਸੂਚੀ ਚ ਸ਼ਾਮਲ ਕੀਤਾ ਹੈ। ਫਿਲਹਾਲ ਅਧਿਕਾਰਤ ਤੌਰ ‘ਤੇ ਵਿਦਿਆਰਥੀਆਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ। ਇਸੇ ਦੌਰਾਨ ਹੀ ਭੀੜ ਨੇ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਦੀ ਇਕ ਜਾਂਚ ‘ਚ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਸੀ ਤੇ ਹਮਲੇ ਸਬੰਧੀ ਥਾਣਾ ਅਰਬਨ ਅਸਟੇਟ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।

 

Scroll to Top