ਚੰਡੀਗੜ੍ਹ, 16 ਸਤੰਬਰ 2023: ਕੇਰਲ ‘ਚ ਨਿਪਾਹ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਲਰਟ ‘ਤੇ ਹੈ। ਅਜਿਹੇ ‘ਚ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਨਿਪਾਹ ਵਾਇਰਸ ਬਾਰੇ ਜਾਣਕਾਰੀ ਦਿੱਤੀ ਹੈ। ਸਿਹਤ ਮੰਤਰੀ ਵੀਨਾ ਜਾਰਜ (Veena George) ਨੇ ਦੱਸਿਆ ਕਿ 11 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੇ ਨਤੀਜੇ ਨੈਗੇਟਿਵ ਆਏ ਹਨ।
ਵੀਨਾ ਜਾਰਜ (Veena George) ਮੁਤਾਬਕ ਮੈਡੀਕਲ ਕਾਲਜਾਂ ਵਿੱਚ 21 ਜਣਿਆਂ ਨੂੰ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪਹਿਲ ਸਭ ਤੋਂ ਪਹਿਲਾਂ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣਾ ਹੈ ਜੋ ਨਿਪਾਹ ਵਾਇਰਸ ਦੇ ਮਰੀਜ਼ ਦੇ ਸੰਪਰਕ ਵਿੱਚ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਸਰੋਤਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਕਾਰਨ ਨਿਪਾਹ ਵਾਇਰਸ ਦੇ ਪਹਿਲੇ ਮਰੀਜ਼ ਦੀ ਮੌਤ ਹੋਈ ਹੈ।
ਕੇਰਲ ਸਰਕਾਰ ਨੇ 19 ਟੀਮਾਂ ਬਣਾਈਆਂ
ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਤੋਂ ਮ੍ਰਿਤਕ ਮਰੀਜ਼ ਦੇ ਮੋਬਾਈਲ ਫੋਨ ਸਬੰਧੀ ਜਾਣਕਾਰੀ ਮੰਗੀ ਹੈ। ਤਾਂ ਜੋ ਮਰੀਜ ਮਰਨ ਤੋਂ ਪਹਿਲਾਂ ਕਿੱਥੇ ਗਿਆ ਸੀ, ਉਸ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ 19 ਟੀਮਾਂ ਬਣਾਈਆਂ ਹਨ ਅਤੇ ਦੂਜੇ ਜ਼ਿਲ੍ਹਿਆਂ ਤੋਂ ਆਏ ਵਿਅਕਤੀਆਂ ਨੂੰ ਟਰੇਸ ਕਰ ਰਹੇ ਹਾਂ। ਜੋ ਨਿਪਾਹ ਵਾਇਰਸ ਨਾਲ ਸਬੰਧਤ ਮਰੀਜ਼ਾਂ ਦੇ ਸੰਪਰਕ ਵਿੱਚ ਆਇਆ ਸੀ।