ਮੇਵਾ ਸਿੰਘ ਲੋਪੋਕੇ

Mewa Singh Lopoke: ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ

ਭਾਈ ਮੇਵਾ ਸਿੰਘ ਲੋਪੋਕੇ: 1907-08 ‘ਚ ਹਿੰਦ ਵਾਸੀਆਂ ਵਿੱਚ ਆ ਰਹੀ ਰਾਜਸੀ ਜਾਗਰੂਕਤਾ ਨਾਲ ਨਜਿੱਠਣ ਲਈ ਦਿੱਲੀ ਤੋਂ ਵਿਲੀਅਮ ਚਾਰਲਸ ਹੌਪਕਿਨਸਨ ਨਾਮ ਦਾ ਅਫ਼ਸਰ ਕੈਨੇਡਾ ਵਿੱਚ ਬਸਤੀਵਾਦੀ ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ। ਉਹ ਰਿਹਾਇਸ਼ ਵਿਭਾਗ ਵਿੱਚ ਬਤੌਰ ਦੁਭਾਸ਼ੀਏ ਅਫ਼ਸਰ ਦੇ ਕੰਮ ਕਰਨ ਲੱਗਾ।ਇਹ ਬਹੁਤ ਜ਼ਿਆਦਾ ਬੇਈਮਾਨ ਤੇ ਨੀਚ ਸੋਚ ਦਾ ਮਾਲਕ ਸੀ।ਇਸਨੇ ਰੱਜ ਕੇ ਬਰੇ ਸਗੀਰ ਦੇ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ।

ਇਸਦੇ ਨਾਲ ਇਸਦੀਆਂ ਇਹਨਾਂ ਕਰਤੂਤਾਂ ਵਿੱਚ ਮੈਲਕਮ ਰੀਡ ਭਾਈਵਾਲ ਸੀ। ਹਿੰਦ ਵਾਸੀਆਂ ਦੇ ਮਨ ਇਹਨਾਂ ਦੋਵਾਂ ਪ੍ਰਤੀ ਨਫ਼ਰਤ ਨਾਲ ਭਰੇ ਪਏ ਸਨ। ਭਾਂਵੇ ਕਿ ਇਸ ਨਾਲ ਮੇਲ ਮਿਲਾਪ ਨਾ ਰੱਖਣ ਦੇ ਮਤੇ ਵੀ ਪਾਸ ਹੋਏ, ਪਰ ਜਿਸ ਅਹੁਦੇ ਤੇ ਇਹ ਬੈਠਾ ਸੀ, ਉਸ ਮਹਿਕਮੇ ਨਾਲ ਦਰਪੇਸ਼ ਆ ਰਹੀਆਂ ਸਮੱਸਿਆਵਾਂ ਕਰਕੇ ਇਹਨਾਂ ਮਤਿਆਂ ਦਾ ਕੋਈ ਅਸਰ ਨਾ ਹੋਇਆ। ਇਸਨੇ ਆਪਣੇ ਕਈ ਮੁਖ਼ਬਰ ਦਾ ਤਾਣਾ ਪੇਟਾ ਫੈਲਾਇਆ ਹੋਇਆ ਸੀ ਜੋ ਇਸਨੂੰ ਗੁਰਦੁਆਰੇ ਅੰਦਰ ਸੱਜਦੇ ਹਫ਼ਤਾਵਾਰੀ ਦੀਵਾਨਾਂ ਤੇ ਗੁਪਤ ਬੈਠਕਾਂ ਅੰਦਰ ਪੈ ਰਹੇ ਮਤਿਆਂ ਬਾਰੇ ਦੱਸਦੇ ਸਨ।ਇਹਨਾਂ ਮੁਖ਼ਬਰਾਂ ਵਿਚੋਂ ਮੁਖ ਬੇਲਾ ਸਿੰਘ ਜ਼ਿਆਨ ਤੇ ਬਾਵਾ ਸਿੰਘ ਲਿੱਤਰਾਂ ਸਨ।ਬੇਲਾ ਸਿੰਘ ਨੂੰ ਹਰ ਮਹੀਨੇ 62.50$ ਦਿੱਤੇ ਜਾਂਦੇ ਸਨ।

ਗੁਰੂ ਨਾਨਕ ਜਹਾਜ਼

ਹੌਪਕਿਨਸਨ ਦੇ ਕੈਨਡਾ ਵਿੱਚ ਪਹੁੰਚਣ ਪਿੱਛੋਂ ਭਾਵੇਂ ਸਾਰੇ ਹਿੰਦ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ , ਪਰ ਪੰਜਾਬੀਆਂ ਨੂੰ ਖ਼ਾਸ ਤੌਰ ਤੇ ਇਸ ਦਾ ਵੱਡੇ ਪੱਧਰ ਤੇ ਸ਼ਿਕਾਰ ਹੋਣਾ ਪਿਆ। ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਵਾਲੀ ਘਟਨਾਂ ਬਾਅਦ ਹੌਪਕਿਨਸਨ ਤੇ ਬੇਲਾ ਸਿੰਘ ਪ੍ਰਤੀ ਕੈਨੇਡਾ ਰਹਿੰਦੇ ਪੰਜਾਬੀਆਂ ਵਿਚ ਖ਼ਾਸਾ ਰੋਹ ਸੀ। ਗ਼ਦਰੀਆਂ ਵੱਲੋ ਇਹਨਾਂ ਦੇ ਪਿੱਠੂਆਂ ਨੂੰ ਸੋਧਨ ਦੇ ਮਤੇ ਪਏ। ਜਿਸਦੇ ਫਲਸਰੂਪ ਹਰਨਾਮ ਸਿੰਘ , ਰਾਮ ਸਿੰਘ ਆਦਿ ਸੋਧੇ ਗਏ।ਬੇਲਾ ਸਿੰਘ ਨੂੰ ਆਪਣੀ ਜੁੰਡਲੀ ਦੇ ਬੰਦਿਆਂ ਦੇ ਜਾਣ ਤੇ ਬਹੁਤ ਗੁੱਸਾ ਸੀ ਤੇ ਉਹ ਹੌਪਕਿਨਸਨ ਤੇ ਰੀਡ ਦੀ ਸ਼ੈਅ ਤੇ ਗ਼ਦਰੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।

5 ਸਤੰਬਰ 1914 ਨੂੰ ਅਰਜਨ ਸਿੰਘ ਦੇ ਸਸਕਾਰ ਤੋਂ ਬਾਅਦ ਸੰਗਤ ਗੁਰਦੁਆਰੇ ਵਿੱਚ ਜੁੜੀ ਹੋਈ ਸੀ।ਭਾਈ ਭਾਗ ਸਿੰਘ ਭਿੱਖੀਵਿੰਡ, ਪ੍ਰਧਾਨ ਖ਼ਾਲਸਾ ਦੀਵਾਨ ਸੁਸਾਇਟੀ , ਗੁਰੂ ਮਹਾਰਾਜ ਦਾ ਵਾਕ ਲੈਣ ਲਈ ਤਾਬਿਆ ਬੈਠੇ ਹੋਏ ਸਨ। ਬੇਲਾ ਸਿੰਘ ਗੁਰੂ ਮਹਾਰਾਜ ਦੇ ਸਨਮੁੱਖ ਬੈਠਾ ਹੋਇਆ ਸੀ ।ਇਹ ਆਪਣੇ ਨਾਲ ਕਾਰਤੂਸਾਂ ਦੇ ਭਰੇ ਦੋ ਪਿਸਤੌਲ ਲੈ ਕੇ ਆਇਆ ਸੀ , ਇਸਨੇ ਗੁਰੂ ਮਹਾਰਾਜ ਦੇ ਭੈ ਅਦਬ ਦੇ ਖਿਆਲ ਨੂੰ ਦਰ ਕਿਨਾਰ ਕਰਦਿਆਂ ਤਾਬਿਆ ਬੈਠੇ ਭਾਈ ਭਾਗ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨੂੰ ਰੋਕਣ ਦਾ ਯਤਨ ਜਦ ਭਾਈ ਬਤਨ ਸਿੰਘ ਨੇ ਕੀਤਾ ਤਾਂ ਇਸ ਨੇ ਪਿਸਤੌਲਾਂ ਦਾ ਮੂੰਹ ਉਸ ਵੱਲ ਕਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿਚ ਭਾਈ ਭਾਗ ਸਿੰਘ , ਭਾਈ ਬਤਨ ਸਿੰਘ ਚੜਾਈ ਕਰ ਗਏ ਅਤੇ ਭਾਈ ਦਲੀਪ ਸਿੰਘ ਫਾਹਲਾ, ਉੱਤਮ ਸਿੰਘ ਨੂਰਪੁਰੀ, ਜਵਾਲਾ ਸਿੰਘ ਸ਼ੇਖ਼ ਦੌਲਤ, ਭਾਈ ਲਾਭ ਸਿੰਘ ਜਖ਼ਮੀ ਹੋ ਗਏ।

ਮੇਵਾ ਸਿੰਘ ਲੋਪੋਕੇ

ਇਸ ਗੁਰਦੁਆਰੇ ਵਿਚ ਵਾਪਰੀ ਘਟਨਾ ਨੇ ਗੁਰੂ ਕੇ ਪਿਆਰੇ ਭਾਈ ਮੇਵਾ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ। ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਤਰਕ ਦਿੱਤਾ ਕਿ ਬੇਲਾ ਸਿੰਘ ਨੇ ਆਪਣੇ ਬਚਾਅ ਲਈ ਗੋਲੀ ਚਲਾਈ, ਜਦ ਕਿ ਅਸਲੀਅਤ ਬਿਲਕੁਲ ਉਲਟ ਸੀ। ਸਰਕਾਰ ਆਪਣੇ ਮੁਖ਼ਬਰ ਨੂੰ ਬਚਾਉਣ ਲਈ ਤਤਪਰ ਸੀ। ਆਖ਼ਰੀ ਗਵਾਹੀ ਹੌਪਕਿਨਸਨ ਦੀ ਸੀ, ਪੰਜਾਬੀ ਬੰਦਿਆਂ ਨੂੰ ਇਹ ਸਾਫ਼ ਸੀ ਕਿ ਇਸ ਗਵਾਹੀ ਤੋਂ ਬਾਅਦ ਬੇਲਾ ਸਿੰਘ ਰਿਹਾ ਹੋ ਜਾਵੇਗਾ।ਇਨਸਾਫ ਦੀ ਹਾਰ ਹੋਵੇਗੀ।ਪਰ ਅਕਾਲ ਪੁਰਖ ਸਭ ਤੋਂ ਵੱਡੀ ਅਦਾਲਤ ਲਾ ਕੇ ਬੈਠਾ । ਭਾਈ ਮੇਵਾ ਸਿੰਘ ਦੇ ਮਨ ਵਿੱਚ ਇਹ ਗੱਲ ਦ੍ਰਿੜ ਹੋ ਗਈ ਕਿ ਹੁਣ ਫੈਸਲਾ ਕਲਮ ਨਹੀਂ ਹਥਿਆਰ ਨਾਲ ਹੀ ਹੋਵੇਗਾ।

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।

21 ਅਕਤੂਬਰ 1914 ਨੂੰ ਹੌਪਕਿਨਸਨ ਦੀ ਗਵਾਹੀ ਦੀ ਤਾਰੀਖ਼ ਵਾਲੇ ਦਿਨ ਭਾਈ ਮੇਵਾ ਸਿੰਘ ਲੋਪੋਕੇ ਆਪਣੇ ਅਮਰੀਕਾ ਤੋਂ ਖ਼ਰੀਦੇ ਪਿਸਤੌਲ ਨਾਲ ਅਦਾਲਤ ਵਿੱਚ ਪੁੱਜਾ । ਉਸਨੇ ਹੌਪਕਿਨਸਨ ਤੇ ਗੋਲੀ ਚਲਾਈ, ਉਹ ਡਿੱਗ ਪਇਆ ਤੇ ਉਸਨੇ ਮੇਵਾ ਸਿੰਘ ਨੂੰ ਪੱਟਾਂ ਕੋਲ ਫੜ੍ਹਨ ਦੀ ਕੋਸ਼ਿਸ਼ ਕੀਤੀ । ਮੇਵਾ ਸਿੰਘ ਲੋਪੋਕੇ ਨੇ ਆਪਣੇ ਪਿਸਤੌਲ ਦੀ ਮੁੱਠ ਨਾਲ ਹੌਪਕਿਨਸਨ ਦੇ ਸਿਰ ਤੇ ਵਾਰ ਕੀਤਾ ,ਉਹ ਜ਼ਮੀਨ ਤੇ ਡਿੱਗ ਪਇਆ ਤੇ ਮੇਵਾ ਸਿੰਘ ਨੇ ਬਾਕੀ ਪਿਸਤੌਲ ਉਸਤੇ ਖਾਲੀ ਕਰ 5 ਮਿੰਟ ਵਿੱਚ ਉਸਦਾ ਸੋਹਿਲਾ ਪੜ੍ਹ ਦਿੱਤਾ। ਕਚਹਿਰੀ ਦੇ ਮੁਲਾਜ਼ਮ ਰਿਚਰਡ ਪੌਲੀ ਅਗੇ ਵਧਿਆ ਤੇ ਉਸਨੂੰ ਮੇਵਾ ਸਿੰਘ ਨੇ ਪੁੱਛਿਆ ਕਿ ,ਕੀ ਇਹ ਮਰ ਗਿਆ ,ਉਸਨੇ ਹਾਂ ਵਿਚ ਜਵਾਬ ਦਿੱਤਾ।ਓਸ ਵਕਤ ਹੀ ਗੋਰੇ ਅਫ਼ਸਰ ਜੇਮਜ਼ ਮੈਕੇਨ ਨੇ ਮੇਵਾ ਸਿੰਘ ਹੱਥੋਂ ਪਿਸਤੌਲ ਲੈ ਉਸਨੂੰ ਹਥਕੜੀ ਲਾ ਲਈ।

ਉਸ ਵੇਲੇ ਦੀਆਂ ਸਰਕਾਰੀ ਲਿਖ਼ਤਾਂ ਅਤੇ ਰੋਜ਼ਾਨਾ ਅਖ਼ਬਾਰ ਪ੍ਰੌਵਿੰਸ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਕੈਦ ਵਿੱਚ ਭਾਈ ਮੇਵਾ ਸਿੰਘ ਬੜੀ ਚੜ੍ਹਦੀ ਕਲਾ ਵਿੱਚ ਸੀ। ਉਹ ਬਹੁਤ ਸਮਾਂ ਭਜਨ ਬੰਦਗੀ ਵਿੱਚ ਬਤੀਤ ਕਰਦਾ।ਸਰਕਾਰ ਭਾਈ ਮੇਵਾ ਸਿੰਘ ਦਾ ਛੇਤੀ ਫ਼ੈਸਲਾ ਕਰਕੇ ਆਪਣੇ ਮੁਖ਼ਬਰਾਂ ਵਿੱਚ ਫੈਲੀ ਦਹਿਸ਼ਤ ਨੂੰ ਠਲ੍ਹ ਪਾਉਣ ਲਈ ਯਤਨਸ਼ੀਲ ਸੀ।ਜਦੋਂ ਜੱਜ ਨੇ ਭਾਈ ਮੇਵਾ ਸਿੰਘ ਤੋਂ ਪੁੱਛਿਆ ਕਿ ਤੂੰ ਐਸਾ ਕਿਉਂ ਕੀਤਾ? ਤੂੰ ਸਰਕਾਰ ਦੇ ਇਕ ਸੀਨੀਅਰ ਅਫ਼ਸਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਦ ਕਿ ਉਸਦੀ ਤੇਰੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਸੀ।

ਮੇਵਾ ਸਿੰਘ ਲੋਪੋਕੇ ਨੇ ਬੜੇ ਧੀਰਜ ਅਤੇ ਠਰ੍ਹਮੇ ਨਾਲ ਉਤਰ ਦਿੱਤਾ ਕਿ ‘ਮੇਰਾ ਧਰਮ ਇਹ ਇਜਾਜ਼ਤ ਨਹੀਂ ਦਿੰਦਾ ਕਿ ਜਦੋਂ ਕੋਈ ਜ਼ਾਲਮ ਕਿਸੇ ਤੇ ਜ਼ੁਲਮ ਕਰ ਰਿਹਾ ਹੋਵੇ ਅਸੀਂ ਉਸ ਨੂੰ ਵੇਖਦੇ ਰਹੀਏ।ਦੀਨ ਦੁਨੀ ਦੀ ਰੱਖਿਆ ਕਰਨੀ ਤੇ ਉਹਨਾਂ ਲਈ ਆਪਣੇ ਜਾਨ ਦੀ ਬਾਜੀ ਤਕ ਲਗਾ ਦੇਣੀ ਹੀ ਮੇਰੇ ਧਰਮ ਦਾ ਫਲਸਫਾ ਹੈ।

ਭਾਈ ਮੇਵਾ ਸਿੰਘ ਲੋਪੋਕੇ ਨੇ ਗੱਜ ਵੱਜ ਕਿਹਾ ਅਦਾਲਤ ਵਿਚ ਕਿ ਮੈਂ ਇਕ ਜ਼ਹਿਰੀਲੇ ਸੱਪ ਨੂੰ ਮਾਰ ਕੋਈ ਗਲਤੀ ਨਹੀਂ ਕੀਤੀ।ਭਾਈ ਸਾਹਿਬ ਨਾਲ ਗ੍ਰਿਫ਼ਤਾਰ ਕੀਤੇ ਕਰਤਾਰ ਸਿੰਘ ਚੰਦ, ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਮਿੱਤ ਸਿੰਘ ਪੰਡੋਰੀ ਨੂੰ ਤਾਂ ਅਦਾਲਤ ਨੇ ਰਿਹਾ ਕਰ ਦਿੱਤਾ, ਪਰ ਭਾਈ ਮੇਵਾ ਸਿੰਘ ਨੂੰ ਫ਼ਾਂਸੀ ਦੀ ਸਜਾ ਸੁਣਾਈ ਗਈ।11 ਜਨਵਰੀ 1915 ਈਸਵੀ ਨੂੰ ਭਾਈ ਸਾਹਿਬ ਨੂੰ ਫਾਂਸੀ ‘ਤੇ ਚੜਾ ਕਿ ਸ਼ਹੀਦ ਕੀਤਾ ਗਿਆ । ਭਾਈ ਮੇਵਾ ਸਿੰਘ ਲੋਪੋਕੇ ਸਾਹਿਬ ਦੇ ਜਜ਼ਬੇ ਤੇ ਸ਼ਹਾਦਤ ਨੂੰ ਸਲਾਮ !

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

Read More: ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਮੇਵਾ ਸਿੰਘ ਲੋਪੋਕੇ

ਵਿਦੇਸ਼

Scroll to Top