July 2, 2024 9:30 pm
ਐਂਬੂਲੈਂਸ ਯੂਨੀਅਨ

108 ਫ੍ਰੀ ਐਂਬੂਲੈਂਸ ਯੂਨੀਅਨ ਦੀ ਹੜਤਾਲ ਜਾਰੀ, ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ

ਲੁਧਿਆਣਾ 14 ਜਨਵਰੀ 2023: ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ‘ਤੇ 108 ਫਰੀ ਐਂਬੂਲੈਂਸ ਯੂਨੀਅਨ ਦਾ ਧਰਨਾ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਐਂਬੂਲੈਂਸ ਯੂਨੀਅਨ ਨੇ ਪੰਜਾਬ ਸਰਕਾਰ ਨੂੰ 15 ਜਨਵਰੀ ਦੁਪਹਿਰ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ, ਨਹੀਂ ਤਾਂ ਉਹ ਸੂਬੇ ਭਰ ਦੇ ਹਾਈਵੇ ਜਾਮ ਕਰ ਦੇਣਗੇ।

ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਨਿੱਝਰ ਨੇ ਕਿਹਾ ਕਿ ਉਹ ਲਗਾਤਾਰ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੰਦੇ ਆਏ ਹਨ ਲੇਕਿਨ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਯੂਨੀਅਨ ਨੇ 9 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। ਉਹਨਾਂ ਦੀ ਸਿਹਤ ਮੰਤਰੀ ਨਾਲ ਮੁਲਾਕਾਤ ਵੀ ਹੋਈ ਸੀ, ਲੇਕਿਨ ਉਹ ਬੇਸਿੱਟਾ ਰਹੀ।

ਅੱਜ ਉਨ੍ਹਾਂ ਦੀ ਹੜਤਾਲ ਤੀਜੇ ਦਿਨ ਤੇ ਪਹੁੰਚ ਗਈ ਹੈ। ਸੂਬੇ ਭਰ ਦੇ 108 ਫਰੀ ਐਂਬੂਲੈਂਸ ਸੇਵਾ ਦੇ ਮੁਲਾਜ਼ਮ ਹੜਤਾਲ ‘ਤੇ ਹਨ, ਉਹਨਾਂ ਨੇ ਪ੍ਰਸ਼ਾਸ਼ਨ ਰਾਹੀਂ ਸਰਕਾਰ ਨੂੰ 15 ਜਨਵਰੀ ਦੁਪਹਿਰ 12 ਵਜੇ ਤੱਕ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਅਲਟੀਮੇਟਮ ਭੇਜਿਆ ਹੈ, ਨਹੀਂ ਤਾਂ ਸੂਬੇ ਭਰ ਦੇ ਹਾਈਵੇ ਜਾਮ ਕਰ ਦਿੱਤੇ ਜਾਣਗੇ। ਉਨ੍ਹਾਂ ਨੂੰ ਕਈ ਜਥੇਬੰਦੀਆਂ ਦਾ ਸਮਰਥਨ ਵੀ ਹਾਸਲ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਰਿਆਣਾ ਦੇ ਪੈਟਰਨ ‘ਤੇ ਮੁਲਾਜ਼ਮਾਂ ਦੀ ਤਨਖ਼ਾਹ 35 ਹਜ਼ਾਰ ਤੋਂ ਚਾਲੀ ਹਜ਼ਾਰ ਰੁਪਏ ਕਰਨ। ਕੰਪਨੀ ਨੂੰ ਹਟਾ ਕੇ ਮੁਲਾਜ਼ਮਾਂ ਨੂੰ ਸਰਕਾਰ ਅਧੀਨ ਲਿਆਉਣ ਅਤੇ ਹਟਾਏ ਗਏ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਸਬੰਧੀ ਮੰਗਾਂ ਰੱਖ ਰਹੇ ਹਨ। ਜਦਕਿ ਇਸਦੇ ਉਲਟ ਸਬੰਧਤ ਕੰਪਨੀ ਵੱਲੋਂ ਨਵੇਂ ਮੁਲਾਜ਼ਮਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ।