July 5, 2024 3:57 am
Harjot Singh Bains

ਦਾਖ਼ਲਾ ਮੁਹਿੰਮ ਦੇ ਪਹਿਲੇ ਦਿਨ 100298 ਵਿਦਿਆਰਥੀਆਂ ਨੇ ਕਰਵਾਇਆ ਦਾਖ਼ਲਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 11 ਮਾਰਚ 2023: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਦਾਖ਼ਲੇ ਕਰਨ ਦਾ ਇਤਿਹਾਸਕ ਰਿਕਾਰਡ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਦਾਖ਼ਲਾ ਅਭਿਆਨ ਦੇ ਪਹਿਲੇ ਦਿਨ (ਮਿਤੀ 10 ਮਾਰਚ, 2023) ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਲੱਖ ਨਵੇਂ ਵਿਦਿਆਰਥੀ ਦਾਖਲ ਕਰਨ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨੂੰ ਹਾਸਲ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਮੁਹਿੰਮ ਸਵੇਰੇ 8 ਵਜੇ ਤੋਂ ਦੂਰ ਰਾਤ 10 ਵਜੇ ਤੱਕ ਜਾਰੀ ਰਹੀ। ਜਿਸ ਦੌਰਾਨ 100298 ਦਾਖ਼ਲੇ ਕੀਤੇ ਗਏ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਦਾਖ਼ਲਾ ਅਭਿਆਨ ਦਾ ਸੂਬੇ ਵਿਚ ਬਹੁਤ ਜਿਆਦਾ ਉਤਸ਼ਾਹ ਸੀ ਕਿ ਵਿਭਾਗ ਦੀ ਵੈਬਸਾਈਟ ਵੀ ਡਾਊਨ ਹੋ ਗਈ ਸੀ।ਜਿਸ ਕਾਰਨ ਦਾਖਲਿਆਂ ਸਬੰਧੀ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਦਾਖ਼ਲੇ ਅਭਿਆਨ ਦੌਰਾਨ ਵੱਡੇ ਪੱਧਰ ‘ਤੇ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਵਿੱਚੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਕਰਵਾਏ ਹਨ।

ਉਹਨਾਂ (Harjot Singh Bains)  ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਤਹਿ ਟੀਚੇ ਦੀ ਥਾਂ 134.6 ਫੀਸਦੀ ਦਾਖ਼ਲੇ ਜਦਕਿ ਫ਼ਿਰੋਜ਼ਪੁਰ, ਬਰਨਾਲਾ, ਅੰਮ੍ਰਿਤਸਰ, ਬਠਿੰਡਾ, ਕਪੂਰਥਲਾ, ਪਟਿਆਲਾ, ਐਸ.ਬੀ.ਐਸ. ਨਗਰ, ਮਾਲੇਰਕੋਟਲਾ, ਫਾਜ਼ਿਲਕਾ, ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਵੀ 128.28 ਫੀਸਦੀ ਤੋਂ 103.44 ਦਾਖ਼ਲੇ ਦਰਜ ਕੀਤੇ ਗਏ ਹਨ।

ਸ.ਬੈਂਸ ਨੇ ਕਿਹਾ ਕਿ ਦਾਖ਼ਲਾ ਮੁਹਿੰਮ ਨੂੰ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਤੀ ਅਪਣਾਈ ਗਈ ਨੀਤੀ ’ਤੇ ਲੋਕਾਂ ਨੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਕੂਲ ਸਿੱਖਿਆ ਵਿੱਚ ਸੁਧਾਰ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ, ਜਿਹਨਾਂ ਵਿੱਚ ਪ੍ਰਮੁੱਖ ਤੌਰ ਤੇ ਸਕੂਲ ਆਫ਼ ਐਮੀਨੈਂਸ, ਸਰਕਾਰੀ ਸਕੂਲਾਂ ਦੀ ਚਾਰ-ਦੀਵਾਰੀ ਕਰਵਾਉਣ, ਨਵੇਂ ਕਮਰਿਆਂ ਦੀ ਉਸਾਰੀ ਕਰਵਾਉਣ, ਸਕੂਲੀ ਵਿਦਿਆਰਥੀਆਂ ਨੂੂੰ ਸਾਫ਼-ਸੁਥਰੇ ਬਾਥਰੂਮ ਉਪਲਬਧ ਕਰਵਾਉਣ ਤੋਂ ਇਲਾਵਾ ਸਮੇਂ ਸਿਰ ਸਕੂਲੀ ਵਰਦੀਆਂ ਤੇ ਕਿਤਾਬਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਉਹਨਾਂ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਹਿਲੇ ਸਾਲ ਵਿੱਚ ਹੀ ਸਭ ਤੋਂ ਵੱਧ ਅਧਿਆਪਕ ਵੀ ਭਰਤੀ ਕੀਤੇ ਗਏ ਹਨ ।ਸ. ਬੈਂਸ ਨੇ ਕਿਹਾ ਕਿ ਇਹ ਮੁਹਿੰਮ 31 ਮਾਰਚ 2023 ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਵਿੱਚ ਜਾਰੀ ਰਹੇਗੀ। ਅਖ਼ੀਰ ਵਿੱਚ ਉਹਨਾਂ ਕਿਹਾ ਕਿ ਦਾਖ਼ਲਿਆਂ ਸਬੰਧੀ ਮਿੱਥਿਆ ਗਿਆ ਟੀਚਾ ਸਾਰੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਹਾਸਲ ਕੀਤਾ ਗਿਆ ਹੈ।