ਐੱਸ.ਏ. ਐੱਸ ਨਗਰ 28 ਅਕਤੂਬਰ 2023: ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਜੋ ਕਿ 27 ਅਕਤੂਬਰ ਤੋਂ 12 ਦਸੰਬਰ ਤੱਕ ਚੱਲਣੀ ਹੈ, ਦਾ ਸੂਬਾਈ ਅਗਾਜ਼ ਅੱਜ ਮੁੱਖ ਚੋਣ ਅਫ਼ਸਰ (Election Commission) ਪੰਜਾਬ ਸੀ ਸਿੱਬਨ ਵੱਲੋਂ ਮੋਹਾਲੀ ਤੋਂ ਕੀਤਾ ਗਿਆ।
ਇਸ ਸਬੰਧੀ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਜ਼ਿਲ੍ਹਾ ਸਵੀਪ ਟੀਮ ਵੱਲੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੀ ਅਗਵਾਈ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰ ਵੇਲੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ 3 ਬੀ 1 ਮੋਹਾਲੀ ਤੋਂ ਸ਼ਿਵਾਲਕ ਪਬਲਿਕ ਸਕੂਲ ਤੱਕ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਲਗਪਗ 300 ਸਾਇਕਲਿਸਟਾਂ ਨੇ ਭਾਗ ਲਿਆ।
ਇਸ ਸਾਇਕਲ ਰੈਲੀ ਨੂੰ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਮੋਹਾਲੀ ਚੰਦਰ ਜਯੋਤੀ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਉਪਰੰਤ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਹੋਏ ਸਭਿਆਚਾਰਕ ਸਮਾਗਮ ਦਾ ਉਦਘਾਟਨ ਮੁੱਖ ਚੋਣ ਅਫ਼ਸਰ ਪੰਜਾਬ ਸੀ ਸਿੱਬਨ ਵੱਲੋਂ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਸ਼ਿਕਾ ਜੈਨ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਵੱਲੋਂ ਸਵੀਪ ਰਿਪੋਰਟ ਪੇਸ਼ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਵੋਟਰ ਪੰਜੀਕਰਣ ਕਰਵਾਉਣ ਦੀ ਅਪੀਲ ਕੀਤੀ ਗਈ ਅਤੇ ਸ਼ਹਿਰੀ ਖੇਤਰਾਂ ਦੇ ਵੋਟਰਾਂ ਦੀ ਵੋਟਰ ਟਰਨ-ਆਉਟ ਵਧਾਉਣ ਲਈ ਉਲੀਕੇ ਜਾਣ ਵਾਲੇ ਯਤਨਾਂ ਉੱਪਰ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਦਿਵਿਆਂਗਜਨ, ਟਰਾਂਸਜੈਂਡਰ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਧ ਤੋ ਵੱਧ ਵੋਟਰ ਪੰਜੀਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਚੋਣ ਅਫਸਰ ਪੰਜਾਬ, ਸੀ ਸਿੱਬਨ ਨੇ ਕਿਹਾ ਕਿ ਸਪੈਸ਼ਲ ਸਮਰੀ ਰਵੀਜ਼ਨ ਦੌਰਾਨ ਵੋਟਾਂ ਦੀ ਸੁਧਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਅਤੇ ਸਪੈਸ਼ਲ ਸਮਰੀ ਰਵੀਜ਼ਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਹੈ । ਉਨ੍ਹਾਂ ਸਮਾਗਮ ਵਿੱਚ ਹਾਜ਼ਰ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਮੁਹਿੰਮ ਵਿੱਚ ਹਿੱਸਾ ਲੈਣ। ਉਨ੍ਹਾਂ ਇਸ ਮੌਕੇ ਸਮੂਹ ਜਿਲ੍ਹਾ ਪ੍ਰਸ਼ਾਸਨ ਨੂੰ ਕਰਵਾਏ ਗਏ ਸਮਾਗਮ ਦੀ ਵਧਾਈ ਵੀ ਦਿੱਤੀ।
ਪ੍ਰੋਗਰਾਮ ਦੌਰਾਨ ਭਾਰਤੀ ਚੋਣ ਕਮਿਸ਼ਨ (Election Commission) ਦੇ ਰਾਸ਼ਟਰੀ ਵੋਟਰ ਦੇ ਦਿਵਸ ਮੌਕੇ ਲਾਂਚ ਕੀਤੇ ਗੀਤ “ਮੈਂ ਭਾਰਤ ਹਾਂ” ਦਾ ਪੰਜਾਬੀ ਰੂਪਾਂਤਰਣ ਕਰਕੇ ਪੰਜਾਬੀ ਫੋਕ ਆਰਕੈਸਟਰਾ ਨਾਲ ਲੋਕ ਧੁਨਾਂ ਉੱਤੇ ਵਿਜੈ ਯਮਲਾ ਜੱਟ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਵਧੀਆ ਸਵੀਪ ਗਤੀਵਿਧੀਆਂ ਕਰਵਾਉਣ ਲਈ ਜਿਲ੍ਹਾ ਸਿੱਖਿਆ ਅਫਸਰ, ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਰਾਜੀਵ ਪੁਰੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ 3ਬੀ 1, ਪ੍ਰਿੰਸੀਪਲ ਸ਼ਿਵਾਲਿਕ ਸਕੂਲ ਅਤੇ ਸਮੂਹ ਭਾਗੀਦਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਵੋਟ ਬਣਾਉਣ ਸਬੰਧੀ ਹਰ ਘਰ ਨੂੰ ਜਾਗਰੂਕ ਕਰਨ ਲਈ ਵੋਟ ਬਣਾਉਣ ਸਬੰਧੀ ਜਾਣਕਾਰੀ ਗੈਸ ਸਿਲੰਡਰ ਨਾਲ ਟੈਗ ਕਰ ਮੁਹੱਈਆ ਕਰਵਾਉਣ ਦਾ ਵੀ ਅਗਾਜ ਕੀਤਾ ਗਿਆ। ਇਸ ਮੌਕੇ ਸਕੂਲ ਬੈਂਡ, ਵਿਸ਼ੇਸ਼ ਬੱਚਿਆ ਦੀਆਂ ਪੇਸ਼ਕਾਰੀਆਂ, ਸੈਲਫੀ ਸਟੈਂਡ ਖਿੱਚ ਦਾ ਕੇਂਦਰ ਬਣ ਰਹੇ। ਪ੍ਰੋਗਰਾਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਤਿੜਕੇ, ਐਸ ਡੀ ਐਮ ਚੰਦਰ ਜਯੋਤੀ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਸਟੇਟ ਸਵੀਪ ਕੋਆਰਡੀਨੇਟਰ ਮਨਪ੍ਰੀਤ ਸਿੰਘ ਅਨੇਜਾ, ਜਿਲ੍ਹਾ ਸਿੱਖਿਆ ਅਫਸਰ ਅਤੇ ਜਿਲ੍ਹਾ ਨੋਡਲ ਅਫਸਰ ਸਵੀਪ ਗੁਰਬਖਸ਼ੀਸ਼ ਸਿੰਘ ਅੰਟਾਲ ਵੀ ਹਾਜਰ ਸਨ।