ਚੰਡੀਗੜ੍ਹ, 16 ਮਈ 2025: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਮੰਡੀਆਂ ‘ਚ ਪਹੁੰਚੀ ਕਣਕ ਦੀ 100 ਪ੍ਰਤੀਸ਼ਤ ਖਰੀਦ ਕੀਤੀ ਹੈ। ਲਾਲ ਚੰਦ ਕਟਾਰੂਚੱਕ ਨੇ ਅਨਾਜ ਭਵਨ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 15 ਮਈ ਨੂੰ ਖਰੀਦ ਸੀਜ਼ਨ ਦੇ ਅੰਤ ਤੱਕ ਕੁੱਲ 130.03 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਅਤੇ ਹੋਰ ਸਟਾਫ ਦੀ ਉਨ੍ਹਾਂ ਦੇ ਤਾਲਮੇਲ ਵਾਲੇ ਯਤਨਾਂ ਲਈ ਪ੍ਰਸ਼ੰਸਾ ਕੀਤੀ।
ਇਸਦੇ ਨਾਲ ਹੀ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 119.24 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਹੈ, ਜਦੋਂ ਕਿ ਵਪਾਰੀਆਂ ਨੇ 10.80 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਹੈ। ਇਸ ਤੋਂ ਇਲਾਵਾ, 7 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ‘ਚ 28,571 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਗਈ ਹੈ। ਲਿਫਟਿੰਗ ਸਬੰਧੀ ਮੰਤਰੀ ਨੇ ਦੱਸਿਆ ਕਿ 104.51 ਲੱਖ ਮੀਟ੍ਰਿਕ ਟਨ ਕਣਕ ਦੀ ਢੋਆ-ਢੁਆਈ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਫ਼ਸਲ ਵੀ ਕੁਝ ਦਿਨਾਂ ‘ਚ ਢੋਆ-ਢੁਆਈ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੁਚਾਰੂ ਅਤੇ ਦਿੱਕਤ ਰਹਿਤ ਖਰੀਦ ਨੂੰ ਯਕੀਨੀ ਬਣਾਉਣ ਲਈ, ਸੂਬਾ ਸਰਕਾਰ ਨੇ ਕੁੱਲ 2885 ਮੰਡੀਆਂ/ਖਰੀਦ ਕੇਂਦਰ ਸਥਾਪਤ ਕੀਤੇ ਸਨ, ਜਿਨ੍ਹਾਂ ‘ਚੋਂ 1864 ਨਿਯਮਤ ਅਤੇ 1021 ਅਸਥਾਈ ਕੇਂਦਰ ਹਨ।
ਲਾਲ ਚੰਦ ਕਟਾਰੂਚੱਕ ਨੇ ਮੁਤਾਬਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (NFSA) ਤਹਿਤ 1.24 ਕਰੋੜ ਲਾਭਪਾਤਰੀਆਂ ਦੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ | ਉਨ੍ਹਾਂ ਨੇ ਲਾਭਪਾਤਰੀਆਂ ਨੂੰ ‘ਈ-ਕੇਵਾਈਸੀ ਐਪ’ ਡਾਊਨਲੋਡ ਕਰਨ ਲਈ ਆਖਿਆ ਹੈ ਤਾਂ ਜੋ ਉਹ ਆਪਣੇ ਘਰਾਂ ਤੋਂ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰ ਸਕਣ। ਇਸ ਤਰ੍ਹਾਂ, ਉਹਨਾਂ ਨੂੰ ਕਿਸੇ ਵੀ ਰਸਮੀ ਕਾਰਵਾਈ ਨੂੰ ਪੂਰਾ ਕਰਨ ਲਈ FPS ਜਾਣ ਦੀ ਲੋੜ ਨਹੀਂ ਹੈ।
Read More: ਡੇਢ ਮਹੀਨੇ ਤੋਂ ਚੱਲੀ ਕਣਕ ਦੀ ਖਰੀਦ ਹੋਈ ਪੂਰੀ, 7 ਲੱਖ 24 ਹਜ਼ਾਰ 405 ਕਿਸਾਨ ਮੰਡੀ ਪਹੁੰਚੇ