ਚੰਡੀਗੜ੍ਹ, 02 ਅਕਤੂਬਰ 2023: ਬ੍ਰਾਜ਼ੀਲ ਦੇ ਅਮੇਜ਼ਨ ਖੇਤਰ ‘ਚ ਇਤਿਹਾਸਕ ਸੋਕਾ ਪਿਆ ਹੈ। ਇੱਥੋਂ ਦੇ ਛੱਪੜਾਂ ਅਤੇ ਝੀਲਾਂ ਵਿੱਚ ਪਾਣੀ ਦਾ ਤਾਪਮਾਨ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਕੁਝ ਥਾਵਾਂ ‘ਤੇ ਪਾਣੀ ਦਾ ਤਾਪਮਾਨ 102 ਡਿਗਰੀ ਫਾਰਨਹਾਈਟ ਯਾਨੀ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ। ਇਸ ਦੌਰਾਨ ਪਿਛਲੇ ਸੱਤ ਦਿਨਾਂ ਵਿੱਚ ਇੱਥੋਂ ਦੀ ਟੇਫੇ ਝੀਲ ਵਿੱਚ 100 ਤੋਂ ਵੱਧ ਡਾਲਫਿਨ (dolphins) ਮਰੀਆਂ ਪਈਆਂ ਹਨ।
ਵਿਗਿਆਨੀਆਂ ਨੇ ਇਸ ਨੂੰ ਅਸਧਾਰਨ ਦੱਸਿਆ ਹੈ। ਉਨ੍ਹਾਂ ਮੁਤਾਬਕ ਝੀਲ ਦਾ ਤਾਪਮਾਨ ਅਤੇ ਅਮੇਜ਼ਨ ‘ਚ ਇਤਿਹਾਸਕ ਸੋਕਾ ਇਸ ਦਾ ਕਾਰਨ ਹੋ ਸਕਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਜਲਮਾਰਗ ਅਮੇਜ਼ਨ ਨਦੀ ਇਸ ਸਮੇਂ ਖੁਸ਼ਕ ਮੌਸਮ ‘ਚੋਂ ਗੁਜ਼ਰ ਰਹੀ ਹੈ, ਜਿਸ ਦਾ ਅਸਰ ਦਰਿਆ ‘ਚ ਰਹਿਣ ਵਾਲੇ ਜੀਵ-ਜੰਤੂਆਂ ‘ਤੇ ਵੀ ਪੈ ਰਿਹਾ ਹੈ।
ਸੀਐਨਐਨ ਦੀ ਰਿਪੋਰਟ ਮੁਤਾਬਕ ਡਾਲਫਿਨ (dolphins) ਨੂੰ ਬਚਾਉਣ ਲਈ ਉਨ੍ਹਾਂ ਨੂੰ ਹੋਰ ਝੀਲਾਂ ਅਤੇ ਤਾਲਾਬਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਜਿੱਥੇ ਪਾਣੀ ਘੱਟ ਗਰਮ ਹੁੰਦਾ ਹੈ। ਇਸ ਕੰਮ ਵਿਚ ਲੱਗੇ ਖੋਜਕਰਤਾਵਾਂ ਮੁਤਾਬਕ ਇਹ ਆਸਾਨ ਨਹੀਂ ਹੈ। ਇਨ੍ਹਾਂ ਨੂੰ ਸ਼ਿਫਟ ਕਰਨ ਤੋਂ ਪਹਿਲਾਂ ਇਹ ਜਾਂਚ ਕਰਨੀ ਪਵੇਗੀ ਕਿ ਕੀ ਦੂਜੀ ਨਦੀ ਵਿੱਚ ਕਿਸੇ ਕਿਸਮ ਦਾ ਖਤਰਨਾਕ ਵਾਇਰਸ ਜਾਂ ਜ਼ਹਿਰੀਲਾ ਪਦਾਰਥ ਹੈ ਜਾਂ ਨਹੀਂ।