July 7, 2024 6:42 pm
Pong Dam

ਪੌਂਗ ਡੈਮ ਤੋਂ 10 ਹਜ਼ਾਰ ਕਿਊਸਿਕ ਪਾਣੀ ਛੱਡਿਆ, ਪੰਜਾਬ ਦੇ ਨਹੀਂ ਪਵੇਗਾ ਕੋਈ ਅਸਰ

ਚੰਡੀਗੜ੍ਹ ,12 ਜੁਲਾਈ 2023: ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਪੌਂਗ ਡੈਮ (Pong Dam) ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਜਿਸ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਅੱਜ ਪੌਂਗ ਡੈਮ ਤੋਂ ਕਰੀਬ 10 ਹਜ਼ਾਰ ਕਿਊਸਿਕ ਪਾਣੀ ਬਿਆਸ ਵਿੱਚ ਛੱਡਿਆ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਦੇ ਸਕੱਤਰ ਸਤੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਥਿਤੀ ਨੂੰ ਦੇਖਦਿਆਂ ਭਾਖੜਾ ਤੋਂ ਅਜੇ ਪਾਣੀ ਨਹੀਂ ਛੱਡਿਆ ਜਾਵੇਗਾ | ਉਹਨਾਂ ਕਿਹਾ ਕਿ ਅੱਜ ਭਾਖੜਾ ਵਿੱਚ ਪਾਣੀ 1639 ਫੁੱਟ ਹੋ ਗਿਆ ਹੈ ਅਤੇ ਭਾਖੜਾ ਵਿੱਚ 1680 ਫੁੱਟ ਤੱਕ ਸਟੋਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੌਂਗ ਡੈਮ ਦੇ ਪਾਣੀ ਦਾ ਲੈਵਲ 1364 ਹੋ ਫੁੱਟ ਹੋ ਚੁੱਕਾ ਹੈ ਅਤੇ 1390 ਫੁੱਟ ਤੱਕ ਸਟੋਰ ਕੀਤਾ ਜਾ ਸਕਦਾ ਹੈ | ਪੌਂਗ ਡੈਮ ਤੋਂ ਕਰੀਬ 10 ਹਜ਼ਾਰ ਕਿਊਸਿਕ ਪਾਣੀ ਛੱਡਣ ਨਾਲ ਪੰਜਾਬ ‘ਤੇ ਕੋਈ ਅਸਰ ਨਹੀਂ ਪਵੇਗਾ |

ਇਸਦੇ ਨਾਲ ਹੀ ਅਧਿਕਾਰੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਿਆਸ ਦੇ ਕੰਢੇ ਚੌਕਸੀ ਰੱਖਣ ਅਤੇ ਲੋੜ ਅਨੁਸਾਰ ਪ੍ਰਬੰਧ ਕਰਨ ਲਈ ਕਿਹਾ ਹੈ। ਪਾਕਿਸਤਾਨ ਵੱਲੋਂ ਸਰਹੱਦ ਨੇੜੇ ਬਣਿਆ ਬੰਨ੍ਹ ਟੁੱਟਣ ਤੋਂ ਬਾਅਦ ਫਿਰੋਜ਼ਪੁਰ ਸਰਹੱਦ ‘ਤੇ ਪਾਣੀ ਭਰ ਗਿਆ ਹੈ। ਫਿਰੋਜ਼ਪੁਰ ਸਰਹੱਦ ਨੇੜੇ ਪੈਂਦੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਜਿਸ ਕਾਰਨ ਸੈਂਕੜੇ ਏਕੜ ਵਿੱਚ ਬੀਜੀ ਫ਼ਸਲ ਵੀ ਤਬਾਹ ਹੋ ਗਈ ਹੈ।

ਇਸਦੇ ਨਾਲ ਹੀ ਹਰੀਕੇ ਤੋਂ ਰਾਜਸਥਾਨ ਨੂੰ ਜਾਣ ਵਾਲੀ ਨਹਿਰ ਵਿੱਚ ਪਾਣੀ ਨਾ ਛੱਡਣ ’ਤੇ ਕਿਸਾਨਾਂ ਨੇ ਸਵਾਲ ਖੜ੍ਹੇ ਕੀਤੇ ਹਨ। ਜਦੋਂਕਿ ਲੁਧਿਆਣਾ ਵਿੱਚ ਬੁੱਢਾ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਇਸ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਦਾਖਲ ਹੋ ਗਿਆ ਹੈ।