1947

1947 ਦੀ ਵੰਡ ਵੇਲੇ 10 ਲੱਖ ਬੇਗੁਨਾਹਾਂ ਨੂੰ ਗੁਆਉਣੀਆਂ ਪਈਆਂ ਆਪਣੀਆਂ ਜਾਨਾਂ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ 15 ਅਗਸਤ 2023: ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅੱਜ ਸਾਰਾ ਭਾਰਤ ਦੇਸ਼ ਅਤੇ ਪਰਦੇਸਾਂ ਵਿਚ ਵੱਸਦੇ ਭਾਰਤੀ ਆਪਣੀਆਂ ਗੱਡੀਆਂ ਅਤੇ ਘਰਾਂ ‘ਤੇ ਤਿਰੰਗੇ ਝੰਡੇ ਲਾ ਕੇ ਅਜ਼ਾਦੀ ਦੀ ਖੁਸ਼ੀ ਮਨਾ ਰਹੇ ਹਨ। ਅੱਜ ਤੋਂ 76 ਸਾਲ ਪਹਿਲਾਂ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋਇਆ ਸੀ ਜਦੋਂ ਕਿ ਇਸ ਤੋਂ ਇਕ ਦਿਨ ਪਹਿਲਾਂ 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿਚ ਆਇਆ ਸੀ।

ਹਿੰਦੁਸਤਾਨ ਵਿਚੋਂ ਮਜ਼੍ਹਬ ਦੇ ਆਧਾਰ ‘ਤੇ ਇਕੋ ਧਰਤੀ ਦੀ ਹਿੱਕ ‘ਤੇ ਲਕੀਰਾਂ ਖਿੱਚ ਕੇ ਭਾਰਤ ਅਤੇ ਪਾਕਿਸਤਾਨ ਦੇ ਜਨਮ ਦੇ ਬਦਲੇ 10 ਲੱਖ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਅਤੇ ਡੇਢ ਕਰੋੜ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਹਰ ਸਾਲ ਭਾਰਤ ਤੇ ਪਾਕਿਸਤਾਨ ਦੇ ਲੋਕ ਆਜ਼ਾਦੀ ਦੇ ਦਿਹਾੜੇ ਦੇ ਜਸ਼ਨ ਤਾਂ ਮਨਾਉਂਦੇ ਹਨ ਪਰ ਅਸੀਂ ਸੋਚੀਏ ਕਿ ਅੱਜ ਦੇ ਦਿਨ ਪੰਜਾਬ ਲਹੂ-ਲੁਹਾਨ ਹੋਇਆ ਸੀ ਤੇ 10 ਲੱਖ ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਸਨ, ਅੱਜ ਦੇ ਦਿਨ ਉਨ੍ਹਾਂ ਮਾਰੇ ਗਏ ਲੋਕਾਂ ਨੂੰ ਕੋਈ ਯਾਦ ਕਿਉਂ ਨਹੀਂ ਕਰ ਰਿਹਾ? ਸਭ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ ਤੇ ਇਹ ਕਿੰਨੀ ਕਿ ਹੈ ਰਾਜ-ਭਾਗ ਮਾਣ ਰਹੇ ਲੋਕ ਵੀ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਅਤੇ ਉਜਾੜੇ ਗਏ ਲੋਕਾਂ ਲਈ ਦੋ ਸ਼ਬਦ ਸ਼ਰਧਾਜਲੀ ਦੇ ਵੀ ਨਹੀ ਆਖਦੇ।

ਉਨ੍ਹਾਂ ਕਿਹਾ 1947 ਦੀ ਵੰਡ ਵੇਲੇ ਮਾਰੇ ਗਏ ਪੰਜਾਬੀਆਂ, ਸਿੱਖ ਕੌਮ ਤੋਂ ਵਿਛੁੜੇ ਜਾਨੋਂ ਪਿਆਰੇ ਗੁਰਧਾਮਾਂ ਨਨਕਾਣਾ ਸਾਹਿਬ, ਡੇਹਰਾ ਸਾਹਿਬ ਲਾਹੌਰ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੇ ਗੁਰਧਾਮਾਂ ਨੂੰ ਯਾਦ ਕਰਕੇ ਅਤੀਤ ਵਿੱਚ ਨਜ਼ਰ ਮਾਰੀਏ ਕਿ ਅਸੀਂ ਆਪਣਾ ਕਿੰਨਾ ਕੁਝ ਪਿੱਛੇ ਛੱਡ ਆਏ ਹਾਂ। ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਲੱਖਾਂ ਬੇਗੁਨਾਹਾਂ ਨੂੰ ਯਾਦ ਕਰਕੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਮੁੜ ਕਦੇ ਵੀ ਸੌੜੀ ਰਾਜਨੀਤੀ ਦੀ ਭੇਟ ਬੇਗੁਨਾਹ ਲੋਕਾਈ ਨਾ ਚੜ੍ਹੇ ਅਤੇ ਸਭ ਲੋਕਾਈ ਸੁਖਾਲੀ ਵੱਸੇ।

Scroll to Top