Punjab Transport Department

ਸਾਲ 2024 ਦੌਰਾਨ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਮਾਲੀਏ ‘ਚ 10.91 ਫ਼ੀਸਦੀ ਵਾਧਾ ਦਰਜ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 31 ਦਸੰਬਰ 2024: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ (Punjab Transport Department) ਨੇ ਪਿਛਲੇ ਸਾਲ ਦੇ ਮੁਕਾਬਲੇ 2024 ਦੌਰਾਨ ਮਾਲੀਏ ‘ਚ 349.01 ਕਰੋੜ ਰੁਪਏ ਦਾ ਚੋਖਾ ਵਾਧਾ ਕੀਤਾ ਹੈ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਦੇ ਤਿੰਨ ਵਿੰਗਾਂ- ਸਟੇਟ ਟਰਾਂਸਪੋਰਟ ਕਮਿਸ਼ਨਰ (ਐਸਟੀਸੀ), ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ 3197.28 ਕਰੋੜ ਰੁਪਏ ਦੇ ਮੁਕਾਬਲੇ 3546.29 ਕਰੋੜ ਰੁਪਏ ਦੀ ਆਮਦਨੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ 10.91 ਫੀਸਦੀ ਦਾ ਵਾਧਾ ਦਰਸਾਉਂਦਾ ਹੈ, ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ STC ਦਫਤਰ ਦਾ ਮਾਲੀਆ 1,855.79 ਕਰੋੜ ਰੁਪਏ ਤੋਂ ਵਧ ਕੇ 2,126.53 ਕਰੋੜ ਰੁਪਏ ਹੋ ਗਿਆ, ਜੋ ਕਿ 270.74 ਕਰੋੜ ਰੁਪਏ, 14.59 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਨੇ ਵੀ ਵਾਧਾ ਦਿਖਾਇਆ, ਇਸਦੀ ਆਮਦਨ 2023 ‘ਚ 892.45 ਕਰੋੜ ਰੁਪਏ ਤੋਂ ਵਧ ਕੇ 2024 ‘ਚ 900.98 ਕਰੋੜ ਰੁਪਏ ਹੋ ਗਈ, ਜਿਸ ‘ਚ 8.53 ਕਰੋੜ ਰੁਪਏ ਦਾ ਵਾਧਾ ਹੋਇਆ।

ਪੰਜਾਬ ਰੋਡਵੇਜ਼/ਪਨਬੱਸ ਦੇ ਮਾਲੀਏ ਦੇ ਵੇਰਵੇ ਸਾਂਝੇ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬਸ ਨੂੰ ਸਾਲ 2023 ‘ਚ 449.04 ਕਰੋੜ ਰੁਪਏ ਪ੍ਰਾਪਤ ਹੋਏ ਹਨ ਅਤੇ ਸਾਲ 2024 ਦੌਰਾਨ ਮਾਲੀਆ ਹੋਰ ਵਧ ਕੇ 518.78 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 69.74 ਕਰੋੜ ਰੁਪਏ ਦਾ ਵਾਧਾ 15.53 ਫੀਸਦੀ ਬਣਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਜਨਵਰੀ ਤੋਂ ਦਸੰਬਰ 2024 ਤੱਕ ਪੰਜਾਬ ਭਰ ‘ਚ 14.88 ਕਰੋੜ ਮਹਿਲਾ ਯਾਤਰੀਆਂ ਨੂੰ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਇੱਕ ਸ਼ਾਨਦਾਰ ਪ੍ਰਾਪਤੀ ਹੈ, ਜਿਸ ਤਹਿਤ 726.19 ਕਰੋੜ ਰੁਪਏ ਦੀ ਰਾਸ਼ੀ ਰਿਆਇਤਾਂ ਵਜੋਂ ਪ੍ਰਾਪਤ ਹੋਈ ਹੈ।

1 ਅਪ੍ਰੈਲ 2022 ਤੋਂ ਪੰਜਾਬ ਸਰਕਾਰ ਨੇ 1916.92 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਰਾਜ ਦੀਆਂ ਔਰਤਾਂ ਨੂੰ 40.45 ਕਰੋੜ ਮੁਫ਼ਤ ਯਾਤਰਾਵਾਂ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਵਿਭਾਗ ਪੁਲਿਸ ਕਰਮਚਾਰੀਆਂ, ਵਿਦਿਆਰਥੀਆਂ, ਦਿਵਿਆਂਗ ਵਿਅਕਤੀਆਂ ਅਤੇ ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜ਼ਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਨੂੰ ਮੁਫਤ/ਰਿਆਇਤੀ ਯਾਤਰਾ ਲਾਭ ਪ੍ਰਦਾਨ ਕਰਦਾ ਹੈ।

Read More: Holidays: ਪੰਜਾਬ ਸਰਕਾਰ ਨੇ ਠੰਡ ਦੇ ਮੌਸਮ ਮੱਦੇਨਜਰ ਆਂਗਣਵਾੜੀ ਸੈਂਟਰਾਂ ਦੀ ਛੁੱਟੀਆਂ ਵਧਾਈਆਂ

Scroll to Top