ਚੰਡੀਗੜ੍ਹ, 14 ਮਾਰਚ 2026: ਯੂ.ਕੇ. ਅਧਾਰਿਤ ਕੰਪਨੀ “3 ਐਸੋਸੀਏਟਸ” ਨੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮਲੇਨ ਤਹਿਤ ਪੰਜਾਬ ‘ਚ 1,407 ਕਰੋੜ ਰੁਪਏ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਪੰਜਾਬ ਦੇ ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਨੀਤੀਗਤ ਸੁਧਾਰਾਂ ਨਾਲ ਪੰਜਾਬ ਨੂੰ ਨਿਵੇਸ਼ ਲਈ ਇੱਕ ਪਸੰਦੀਦਾ ਮੰਜ਼ਿਲ ਵਜੋਂ ਉਭਾਰਿਆ ਹੈ।
ਇਸ ਨਿਵੇਸ਼ ਦਾ ਐਲਾਨ “3 ਐਸੋਸੀਏਟਸ” ਦੇ ਸੀਈਓ ਜਸਦੇਵ ਸੱਗਰ ਵੱਲੋਂ ਪਲਕਸ਼ਾ ਯੂਨੀਵਰਸਿਟੀ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕਰਵਾਏ ਇੱਕ ਉੱਚ ਪੱਧਰੀ ਸੈਸ਼ਨ ਸੈਸ਼ਨ “ਅਨਲੋਕਿੰਗ ਆਪਰਚੁਨਿਟੀਜ਼ ਅੰਡਰ ਸੀ.ਈ.ਟੀ.ਏ.: ਸਟਰੈਂਥਨਿੰਗ ਯੂਕੇ ਪੰਜਾਬ ਟਰੇਡ ਇਨਵੈਸਟਮੈਂਟ ਪਾਰਟਨਰਸ਼ਿਪਸ” ਦੌਰਾਨ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ।
ਇਸ ਪ੍ਰਸਤਾਵਿਤ ਪ੍ਰੋਜੈਕਟ, ਜਿਸ ਦੀ ਅਨੁਮਾਨਿਤ ਗ੍ਰੋਸ ਡਿਵੈਲਪਮੈਂਟ ਵੈਲਯੂ (GDV) 4,700 ਕਰੋੜ ਰੁਪਏ ਹੈ, ਇਸਦੇ ਨਾਲ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ ਅਤੇ ਇਸ ਨਾਲ ਗਿਆਨ-ਅਧਾਰਿਤ ਅਤੇ ਡਿਜ਼ੀਟਲ ਅਰਥਵਿਵਸਥਾ ਦੇ ਖੇਤਰਾਂ ‘ਚ ਪੰਜਾਬ ਦੀ ਅਗਵਾਈ ਹੋਰ ਮਜ਼ਬੂਤ ਹੋਵੇਗੀ।
ਉਦਯੋਗ ਮੰਤਰੀ ਸੰਜੀਵ ਅਰੋੜਾ ਨੇ “3 ਐਸੋਸੀਏਟਸ” ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨਿਵੇਸ਼ਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪ੍ਰੋ-ਐਕਟਿਵ ਗਵਰਨੈਂਸ, ਨੀਤੀਗਤ ਸਥਿਰਤਾ ਅਤੇ ਨਿਵੇਸ਼ਕ ਸਹਾਇਤਾ ਪ੍ਰਣਾਲੀਆਂ ਰਾਹੀਂ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਖੁਰਾਕ ਪ੍ਰੋਸੈਸਿੰਗ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਖੇਤਰਾਂ ‘ਚ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੰਦਿਆਂ ਯੂਕੇ ਦੀਆਂ ਆਧੁਨਿਕ ਸਿੱਖਿਆ ਸੰਸਥਾਵਾਂ ਜਿਵੇਂ ਕਿ ਕੈਂਬ੍ਰਿਜ ਅਤੇ ਆਕਸਫੋਰਡ ਨਾਲ ਅਕਾਦਮਿਕ ਸਾਂਝ ਬਣਾਉਣ ਦੀ ਵੀ ਪੇਸ਼ਕਸ਼ ਕੀਤੀ।
ਜਸਦੇਵ ਸੱਗਰ ਨੇ ਕਿਹਾ ਕਿ ਸੂਬੇ ਦੀ ਨੌਜਵਾਨ ਅਤੇ ਗਤੀਸ਼ੀਲ ਆਬਾਦੀ, ਮਜ਼ਬੂਤ ਸੰਸਥਾਗਤ ਢਾਂਚਾ ਅਤੇ ਪ੍ਰਗਤੀਸ਼ੀਲ ਨੀਤੀਗਤ ਮਾਹੌਲ ਕੰਪਨੀ ਦੇ ਪੰਜਾਬ ‘ਚ ਨਿਵੇਸ਼ ਕਰਨ ਦੇ ਫੈਸਲੇ ਲਈ ਮਹੱਤਵਪੂਰਨ ਕਾਰਕ ਰਹੇ ਹਨ।
ਵਧੀਕ ਮੁੱਖ ਸਕੱਤਰ (ਤਕਨੀਕੀ ਸਿੱਖਿਆ) ਤੇਜਵੀਰ ਸਿੰਘ ਨੇ ਸੂਬੇ ਦੀ ਅਗਾਂਹ ਵਧੂ ਸੋਚ ਵਾਲੀ ਉਦਯੋਗ ਨੀਤੀ ਅਤੇ ਮੋਹਾਲੀ ਸਮੇਤ ਆਲੇ-ਦੁਆਲੇ ਦੇ ਖੇਤਰਾਂ ‘ਚ ਉੱਚ ਸਿੱਖਿਆ ਸੰਸਥਾਵਾਂ, ਗਲੋਬਲ ਕੈਪੇਬਿਲਿਟੀ ਸੈਂਟਰਾਂ ਅਤੇ ਗਿਆਨ-ਅਧਾਰਿਤ ਉਦਯੋਗਾਂ ਦੀ ਸਥਾਪਨਾ ਲਈ ਮੌਜੂਦ ਰਣਨੀਤਿਕ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਯੂਕੇ ਦੀ ਡਿਪਟੀ ਹਾਈ ਕਮਿਸ਼ਨਰ ਮਿਸ ਅਲਬਾ ਸਮੇਰਿਗਲਿਓ ਨੇ ਕਿਹਾ ਕਿ ਪੰਜਾਬ–ਯੂਕੇ ਭਾਗੀਦਾਰੀ ਸਾਂਝੀਆਂ ਮਹੱਤਵਾਕਾਂਸ਼ਾਵਾਂ ਅਤੇ ਆਪਸੀ ਭਰੋਸੇ ‘ਤੇ ਆਧਾਰਿਤ ਲੰਬੇ ਸਮੇਂ ਦੀ ਯਾਤਰਾ ਹੈ। ਉਨ੍ਹਾਂ ਦੱਸਿਆ ਕਿ ਭਾਰਤ–ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (CETA) ਨਾਲ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧ ਹੋਰ ਮਜ਼ਬੂਤ ਹੋਣਗੇ ਅਤੇ ਨਿਵੇਸ਼ ਤੇ ਸਹਿਯੋਗ ਲਈ ਨਵੇਂ ਮੌਕੇ ਖੁੱਲਣਗੇ।
ਯੂਕੇ ਦੇ ਡਿਪਾਰਟਮੈਂਟ ਫਾਰ ਬਿਜ਼ਨਸ ਐਂਡ ਟਰੇਡ ਤੋਂ ਹਰਜਿੰਦਰ ਕੰਗ ਨੇ ਹਿੱਸੇਦਾਰਾਂ ਨੂੰ ਭਾਰਤ ਅਤੇ ਯੂਕੇ ਵਿਚਾਲੇ ਸਾਂਝੀ ਖੁਸ਼ਹਾਲੀ ਲਈ ਉਭਰ ਰਹੇ ਮੌਕਿਆਂ ਦਾ ਲਾਭ ਲੈਣ ਦੀ ਅਪੀਲ ਕੀਤੀ। ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ-ਚੇਅਰਪਰਸਨ ਮਿਸ ਸੀਮਾ ਬੰਸਲ ਵੀ ਇਸ ਸੈਸ਼ਨ ਦੌਰਾਨ ਮੌਜੂਦ ਸਨ।
Read More: ਜਲੰਧਰ ‘ਚ 14 ਸਾਲ ਦੀ ਸਕੂਲ ਵਿਦਿਆਰਥਣ ਦੀ ਸ਼ੱਕੀ ਹਲਾਤਾਂ ‘ਚ ਮੌ.ਤ, ਪਰਿਵਾਰ ਨੇ ਸੁਸਾਈਡ ਨੋਟ ਨਕਾਰਿਆ




