ਚੰਡੀਗੜ੍ਹ ,18 ਅਗਸਤ 2021 : ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਵੱਖ-ਵੱਖ ਦੇਸ਼ਾਂ ਦੇ ਲੋਕ ਆਪੋ -ਆਪਣੇ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਕਰ ਰਹੇ ਹਨ | ਇਸੇ ਦੇ ਚਲਦਿਆਂ ਉੱਥੇ ਵਸਦੇ ਹਿੰਦੂ-ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਨਿਊਜ਼ੀਲੈਂਡ ਲਿਆਉਣ ਲਈ ਭਾਰਤੀ ਭਾਈਚਾਰਾ ਫਿਰ ਸਰਗਰਮ ਹੋਣ ਲੱਗ ਪਿਆ ਹੈ।
ਜਿਸ ਦੇ ਲਈ ਨਿਊਜ਼ੀਲੈਂਡ ਦੇ ਪਹਿਲੇ ਦਸਤਾਰਧਾਰੀ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਹੈ ਕਿ ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ ਤਹਿਤ ਹਿੰਦੂ-ਸਿੱਖ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆਉਣ ਲਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ।
ਬਖਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਹਿੰਦੂ-ਸਿੱਖ ਭਾਈਚਾਰੇ ਦੀਆਂ ਵੱਡੀਆਂ ਸੰਸਥਾਵਾਂ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ, ਭਾਰਤੀਆ ਸਮਾਜ ਮੰਦਰ ਅਤੇ ਹੋਰ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਕੋਲ ਅਫ਼ਗਾਨਿਸਤਾਨ ਵਸਦੇ 250 ਹਿੰਦੂ-ਸਿੱਖ ਪਰਿਵਾਰਾਂ ਦੀ ਤਰਸਯੋਗ ਹਾਲਤ ਬਿਆਨ ਕੀਤੀ ਸੀ।
ਇਹ ਅਪੀਲ ਵੀ ਕੀਤੀ ਸੀ ਕਿ ਉਨ੍ਹਾਂ ਚੋਂ 10 ਪਰਿਵਾਰਾਂ ਨੂੰ ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ ਤਹਿਤ ਨਿਊਜ਼ੀਲੈਂਡ ਬੁਲਾਇਆ ਜਾਣਾ ਚਾਹੀਦਾ ਹੈ। ਜਿਨ੍ਹਾਂ ਦਾ ਦੋ ਸਾਲ ਲਈ ਸਾਰਾ ਖ਼ਰਚਾ ਹਿੰਦੂ-ਸਿੱਖ ਭਾਈਚਾਰਾ ਚੁੱਕੇਗਾ ਅਤੇ ਉਹ ਰਿਫ਼ੂਜੀ ਲੋਕ ਨਿਊਜ਼ੀਲੈਂਡ ਸਰਕਾਰ `ਤੇ ਬੋਝ ਨਹੀਂ ਬਣਨਗੇ।
ਚਿੱਠੀ `ਚ ਇਹ ਵੀ ਲਿਖਿਆ ਗਿਆ ਕਿ ਅਜਿਹੀ ਹੀ ਤਜਵੀਜ਼ ਕੈਨੇਡਾ ਨੇ ਤੁਰੰਤ ਅਪਣਾ ਲਈ ਸੀ , ਜਿਸ ਕਰਕੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਸਿੱਖ ਅਫ਼ਗਾਨਿਸਤਾਨ ਤੋਂ ਕੈਨੇਡਾ ਜਾ ਕੇ ਸੈਟਲ ਹੋ ਚੁੱਕੇ ਹਨ ਤੇ ਇਹ ਵੀ ਇਹ ਭਰੋਸਾ ਦਿੱਤਾ ਗਿਆ ਹੈ ਕਿ ਨਿਊਜ਼ੀਲੈਂਡ ਦਾ ਹਿੰਦੂ-ਸਿੱਖ ਭਾਈਚਾਰਾ ‘ਕਮਿਊਨਿਟੀ ਸਪੌਂਸਰਡ ਰਿਫ਼ੂਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ’ ਤਹਿਤ ਅਫ਼ਗਾਨਿਸਤਾਨ ਤੋਂ ਆਉਣ ਵਾਲਿਆਂ ਲਈ ਰਹਿਣ-ਸਹਿਣ, ਰੋਟੀ-ਪਾਣੀ, ਲੋੜੀਂਦੀਆਂ ਵਸਤਾਂ ਪੂਰੀਆਂ ਕਰਨਗੇ |
ਉਨ੍ਹਾਂ ਦੀਆਂ ਕਲਾ ਨੂੰ ਪਛਾਣ ਕੇ ਸੁਸਾਇਟੀ `ਚ ਵਿਚਰਨ ਦੇ ਸਮਰੱਥ ਬਣਾਉਣ ਲਈ ਪੂਰੀ ਮਦਦ ਕਰੇਗਾ ਅਤੇ ਦੋ ਸਾਲ ਤੱਕ ਸਰਕਾਰ ਦੇ ਖਜ਼ਾਨੇ `ਤੇ ਕਿਸੇ ਵੀ ਕਿਸਮ ਦਾ ਬੋਝ ਨਹੀਂ ਪੈਣ ਦਿੱਤਾ ਜਾਵੇਗਾ। ਇਹ ਵਿਸ਼ਵਾਸ਼ ਵੀ ਦਿਵਾਇਆ ਗਿਆ ਹੈ ਕਿ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਹਿੰਦੂ-ਸਿੱਖ, ਭਵਿੱਖ `ਚ ਨਿਊਜ਼ੀਲੈਂਡ ਦੀ ਤਰੱਕੀ `ਚ ਸਹਾਈ ਹੋਣਗੇ। ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਐਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ `ਚ ਅਫ਼ਗਾਨ ਸਿੱਖਾਂ ਬਾਰੇ ਕੀਤੀ ਗਈ ਇੰਟਰਵਿਊ ਦੌਰਾਨ ਬਖਸ਼ੀ ਨੇ ਦੱਸਿਆ ਸੀ ਕਿ ਗੰਭੀਰ ਮੁੱਦੇ `ਤੇ ਛੇਤੀ ਹੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਚਿੱਠੀ ਲਿਖਣਗੇ।