ਚੰਡੀਗੜ੍ਹ ,17 ਅਗਸਤ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਕਿ ਉਹ ਪੂਰੇ ਪੰਜਾਬ ‘ਚ 100 ਦਿਨਾਂ ਦੀ ਯਾਤਰਾ ਕਰਕੇ ਪੰਜਾਬ ਦੇ ਲੋਕਾਂ ਕੋਲੋਂ ਫੀਡਬੈਕ ਲੈਣਗੇ ਅਤੇ ਫਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਹੀ ਫ਼ੈਸਲੇ ਲਏ ਜਾਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਜ਼ੀਰਾ ਤੋਂ ਇਹ ਯਾਤਰਾ ਸ਼ੁਰੂ ਕਰਨਗੇ ਅਤੇ ਪੰਜਾਬ ਦੇ ਹਰ ਹਲਕੇ ‘ਚ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ, ਐਸ. ਸੀ. ਭਾਈਚਾਰਾ, ਕਿਸਾਨ, ਇੰਡਸਟਰੀ ਅਤੇ ਵਪਾਰੀਆਂ ਨਾਲ ਮੁਲਾਕਤ ਕਰਨਗੇ |
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰੋਗਰਾਮ ਸਵੇਰ ਤੋਂ ਲੈ ਕੇ ਰਾਤ ਤੱਕ ਚੱਲੇਗਾ ਤੇ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਭਾਵਨਾਵਾਂ ਸਮਝ ਕੇ ਸਟ੍ਰੇਟਜੀ ਬਣਾਈ ਜਾਵੇਗੀ ਅਤੇ ਫਿਰ ਅਕਾਲੀ-ਬਸਪਾ ਦੀ ਸਰਕਾਰ ਆਉਣ ‘ਤੇ ਫ਼ੈਸਲੇ ਲਏ ਜਾਣਗੇ। ਇਸ ਮੌਕੇ ਇਕ ਮਿਸਡ ਕਾਲ ਨੰਬਰ ਵੀ ਲਾਂਚ ਕੀਤਾ, ਜਿਸ ‘ਤੇ ਲੋਕ ਆਪਣੇ ਵਿਚਾਰ ਰੱਖ ਸਕਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ, ਉੱਥੇ ਹੀ ਆਪ ਆਗੂ ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਹੈ।ਇਹਨਾਂ ਨੇ ਝੂਠੀਆਂ ਸਹੁੰਆਂ ਖਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਕੋਈ ਝੂਠੀ ਸਹੁੰ ਨਹੀਂ ਖਾਧੀ ਅਤੇ ਨਾ ਹੀ ਪਾਰਟੀ ਨੂੰ ਦਿੱਲੀ ਤੋਂ ਜਾਂ ਬਾਹਰੋਂ ਕੋਈ ਹੁਕਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਸਰਕਾਰ ਹੈ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ।