ਅੰਮ੍ਰਿਤਸਰ, 23 ਅਗਸਤ, 2023: ਕਪੂਰਥਲਾ ਤੋਂ ਪੈਂਦੇ ਪਿੰਡ ਬਾਗਵਾਨਪੁਰ ਦੇ ਨੌਜਵਾਨ ਸੁੰਦਰ ਸਿੰਘ ਉਰਫ ਜੱਗੂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਸੁੰਦਰ ਸਿੰਘ ਉਰਫ ਜੱਗੂ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤ ਤੇ ਉਸ ਦਾ ਇਕ ਸਾਥੀ ਕੁਲਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਜੋ ਪਿੰਡ ਸਿੱਧਵਾਂ ਰੋਡ ‘ਤੇ ਇਕ ਮੋਟਰ ‘ਤੇ ਨਸ਼ੇ ਦੇ ਟੀਕੇ ਲਗਾ ਰਹੇ ਸਨ। ਸੁੰਦਰ ਸਿੰਘ ਉਰਫ ਜੱਗੂ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਜਦੋਂ ਬੇਹੋਸ਼ ਹੋ ਗਿਆ ਤਾਂ ਉਸਦਾ ਸਾਥੀ ਕੁਲਵਿੰਦਰ ਸਿੰਘ ਫ਼ਰਾਰ ਹੋ ਗਿਆ।
ਜਦੋਂ ਰਸਤੇ ‘ਚੋਂ ਗੁਜਰ ਰਹੇ ਕਿਸੇ ਵਿਅਕਤੀ ਨੇ ਸੁੰਦਰ ਸਿੰਘ ਨੂੰ ਮੋਟਰ ‘ਤੇ ਬੇਹੋਸ਼ੀ ਦੀ ਹਾਲਤ ‘ਚ ਦੇਖਿਆ ਤਾਂ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਬੇਹੋਸ਼ੀ ਦੀ ਹਾਲਤ ਵਿਚ ਸੁੰਦਰ ਸਿੰਘ ਨੂੰ ਸਿਵਲ ਹਸਪਤਾਲ ਭੁਲੱਥ ਲਿਆਂਦਾ ਗਿਆ, ਇਸ ਤੋਂ ਬਾਅਦ ਸੁੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਭੁਲੱਥ ਪੁਲਿਸ ਵੱਲੋਂ ਸੁੰਦਰ ਸਿੰਘ ਦਾ ਮ੍ਰਿਤਕ ਸਰੀਰ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਕਪੂਰਥਲਾ ‘ਚ ਭੇਜ ਦਿੱਤਾ ਗਿਆ ਹੈ। ਜਦੋਂ ਇਸ ਸਬੰਧੀ ਥਾਣਾ ਭੁਲੱਥ ਦੇ ਐੱਸਐੱਚਓ ਗੌਰਵ ਧੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਮੌਤ ਦੇ ਕਾਰਨ ਦਾ ਸਹੀ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਵੱਧ ਰਹੀ ਨਸ਼ਿਆਂ ਦੀ ਭਰਮਾਰ ਚਿੰਤਾ ਦਾ ਵੱਡਾ ਵਿਸ਼ਾ ਬਣੀ ਹੋਈ ਹੈ, ਤੇ ਕੁਝ ਦਿਨ ਪਹਿਲਾਂ ਰਾਏਪੁਰ ਪੀਰ ਬਖਸ਼ ਵਾਲਾ ਦੇ ਦੋ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।