ਪਟਿਆਲਾ,11 ਜੁਲਾਈ 2023: ਬਰਸਾਤ ਪਾਣੀ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਅੱਜ ਤੀਜੇ ਦਿਨ ਵੀ ਯੂਥ ਅਕਾਲੀ ਦਲ (Youth Akali Dal) ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਾਥੀਆਂ ਸਮੇਤ ਅਰਬਨ ਅਸਟੇਟ ਪਟਿਆਲਾ ਵਿਖੇ ਲੋਕਾਂ ਦੇ ਘਰ-ਘਰ ਤੱਕ ਟਰੈਕਟਰਾ ਤੇ ਪੁੱਜ ਕੇ ਦਿੰਦੇ ਦਿਖਾਈਂ ਦਿੱਤੇ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਯੂਥ ਪ੍ਰਧਾਨ ਝਿੰਜਰ ਨੇ ਕਿਹਾ ਕਿ ਉਹਨਾਂ ਵੱਲੋਂ ਹੜ੍ਹਾਂ ਦੇ ਪਾਣੀ ਨਾਲ ਘਿਰੇ ਹਰ ਵਿਅਕਤੀ ਦੀ ਸਹਾਇਤਾ ਕੀਤੀ ਜਾ ਰਹੀ, ਤਾਂ ਜੋ ਬਰਸਾਤੀ ਪਾਣੀ ਨਾਲ ਘਿਰੇ ਹਰ ਵਿਅਕਤੀ ਦੀ ਸਹੀ ਸਮੇਂ ਤੇ ਪੁੱਜ ਕੇ ਸਹਾਇਤਾ ਹੋ ਸਕੇ।
ਝਿੰਜਰ ਨੇ ਅੱਗੇ ਕਿਹਾ ਕਿ ਇਸ ਕੁਦਰਤੀ ਕਰੋਪੀ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਉਥੇ ਪਟਿਆਲਾ ਦੀਆਂ ਨਦੀਆਂ ਤੇ ਘੱਗਰ ਦਰਿਆ ਨੇ ਵੀ ਪੰਜਾਬ ਦੇ ਕਾਫ਼ੀ ਵੱਡੇ ਹਿੱਸੇ ਵਿੱਚ ਤਬਾਹੀ ਮਚਾਈ ਹੈ। ਜਿਸਦੀ ਜ਼ਿੰਮੇਵਾਰ ਸਿੱਧੇ ਤੌਰ ‘ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ, ਜਿਸ ਵੱਲੋਂ ਸਹੀ ਸਮੇਂ ‘ਤੇ ਅਗਾਊਂ ਸਫਾਈ ਦੇ ਪ੍ਰਬੰਧ ਨਹੀ ਕੀਤੇ ਗਏ। ਜਿਸ ਕਾਰਨ ਇਹ ਪੰਜਾਬ ਵਾਸੀਆਂ ਦਾ ਬਰਸਾਤੀ ਪਾਣੀ ਨੇ ਵੱਡਾ ਨੁਕਸਾਨ ਕੀਤਾ ਹੈ।
ਝਿੰਜਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਆ ਚੁੱਕਾ ਹੈ ਅਤੇ ਅੱਜ ਸਵੇਰੇ ਤੋਂ ਹੀ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਵੱਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਆਪਣੇ ਆਪਣੇ ਟਰੈਕਟਰਾ ਰਾਹੀਂ ਘਰ-ਘਰ ਪਹੁੰਚ ਕਰਕੇ ਲੰਗਰ ਤੇ ਹੋਰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ, ਕਿਉਂਕਿ ਅਰਬਨ ਅਸਟੇਟ ਇਲਾਕੇ ਵਿੱਚ ਪੰਜ-ਪੰਜ ਫੁੱਟ ਪਾਣੀ ਘਰਾਂ ਵਿੱਚ ਭਰ ਚੁੱਕਾ ਹੈ। ਜਿਸ ਲਈ ਪਰਿਵਾਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਥ ਪ੍ਰਧਾਨ ਝਿੰਜਰ ਨੇ ਹਰ ਯੂਥ ਨੌਜਵਾਨ ਨੂੰ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਲੋੜਵੰਦਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਅੱਗੇ ਆਉਣ। ਖ਼ਬਰ ਲਿਖੇ ਜਾਣ ਤੱਕ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਲੰਗਰ ਤੇ ਰਾਹਤ ਕਾਰਜ ਜ਼ਾਰੀ ਸਨ। ਇਸ ਮੌਕੇ ‘ਤੇ ਉਹਨਾਂ ਨਾਲ ਯੂਥ ਆਗੂ ਅਵਤਾਰ ਸਿੰਘ ਤਾਰੀ, ਰਣਦੀਪ ਸਿੰਘ ਰਾਏ, ਹਰਪ੍ਰੀਤ ਸਿੰਘ ਰਿਚੀ,ਅਤਿੰਦਰ ਖੱਟੜਾ,ਸੰਦੀਪ ਸਿੰਘ,ਸੁਭਾਸ ਤਾਣਾ, ਸ਼ਮਸ਼ੇਰ ਸੈਣੀ, ਗੁਰਵਿੰਦਰ ਸਿੰਘ ਰਤਨਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਮੌਜੂਦ ਰਹੇ।